ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਨਵੰਬਰ
ਜ਼ਿਲ੍ਹੇ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਇਹ ਅੰਕੜਾ 415 ਤੱਕ ਜਾ ਪੁੱਜ ਗਿਆ ਹੈ। ਇਨ੍ਹਾਂ ਵਿੱਚੋਂ 290 ਮਰੀਜ਼ ਸ਼ਹਿਰ ਦੇ ਹਨ ਤੇ 125 ਮਰੀਜ਼ ਪੇਂਡੂ ਇਲਾਕਿਆਂ ਦੇ ਹਨ। ਸਿਵਲ ਹਸਪਤਾਲ ਦੇ ਡਾ. ਅਦਿੱਤਿਆਪਾਲ ਸਿੰਘ ਨੇ ਦੱਸਿਆ ਕਿ ਅੱਜ 92 ਟੈਸਟ ਲਏ ਗਏ ਸਨ ਜਿਨ੍ਹਾਂ ਵਿੱਚੋਂ 33 ਟੈਸਟ ਡੇਂਗੂ ਪਾਜ਼ੇਟਿਵ ਆਏ ਹਨ। ਸ਼ਹਿਰ ਦੇ 80 ਵਾਰਡਾਂ ਵਿਚ ਕਾਂਗਰਸ ਦੇ ਕੌਂਸਲਰ ਹੀ ਇਹ ਸ਼ਿਕਾਇਤਾਂ ਕਰ ਰਹੇ ਹਨ ਕਿ ਨਗਰ ਨਿਗਮ ਵੱਲੋਂ ਉਨ੍ਹਾਂ ਦੇ ਮੁਹੱਲਿਆਂ ਵਿਚ ਫੌਗਿੰਗ ਨਹੀਂ ਕਰਵਾਈ ਜਾ ਰਹੀ ਜਿਸ ਕਾਰਨ ਡੇਂਗੂ ਦੇ ਮਰੀਜ਼ ਲਗਾਤਾਰ ਵਧ ਰਹੇ ਹਨ।
ਕਾਂਗਰਸ ਦੇ ਸੀਨੀਅਰ ਆਗੂ ਤੇ ਚੌਥੀ ਵਾਰ ਕੌਂਸਲਰ ਬਣੇ ਦੇਸ ਰਾਜ ਜੱਸਲ ਨੇ ਦੱਸਿਆ ਕਿ ਨਗਰ ਨਿਗਮ ਦੇ ਮੇਅਰ ਨੂੰ ਲੋਕਾਂ ਦੀ ਸਿਹਤ ਦੀ ਕੋਈ ਪ੍ਰਵਾਹ ਨਹੀਂ ਹੈ। ਇਕ ਪਾਸੇ ਤਾਂ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਦੇ ਰਹੀ ਹੈ ਪਰ ਸ਼ਹਿਰ ਵਿਚ ਗੰਦਗੀ ਕਾਰਨ ਏਨਾ ਬੁਰਾ ਹਾਲ ਹੈ ਕਿ ਹਰ ਪਾਸੇ ਮੱਛਰ ਪੈਦਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਐਨ ਵਿਚਕਾਰ ਆਉਂਦੇ ਸਿਵਲ ਹਸਪਤਾਲ ਵੀ ਥਾਂ-ਥਾਂ ’ਤੇ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਨਾਲ ਡੇਂਗੂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
48 ਘੰਟਿਆਂ ’ਚ ਡੇਂਗੂ ਦੇ 11 ਨਵੇਂ ਕੇਸ ਆਏ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਪਿਛਲੇ 48 ਘੰਟਿਆਂ ਦੌਰਾਨ ਡੇਂਗੂ ਦੇ 11 ਨਵੇਂ ਕੇਸ ਰਿਪੋਰਟ ਹੋਏ ਜਦੋਂਕਿ ਕੋਵਿਡ ਦੇ ਇਕ ਪਾਜ਼ੇਟਿਵ ਮਰੀਜ਼ ਦੀ ਪੁਸ਼ਟੀ ਹੋਈ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੁਆਰਾ ਜਾਰੀ ਸੂਚਨਾ ਮੁਤਾਬਿਕ ਜ਼ਿਲ੍ਹੇ ਵਿਚ ਹੁਣ ਤੱਕ ਡੇਂਗੂ ਮਰੀਜ਼ਾਂ ਦੀ ਗਿਣਤੀ 1614 ਹੋ ਚੁੱਕੀ ਹੈ। ਕੋਵਿਡ ਦੇ ਹੁਣ ਤੱਕ 30,835 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ ’ਚ ਇਸ ਵੇਲੇ 11 ਮਰੀਜ਼ ਐਕਟਿਵ ਹਨ ਅਤੇ 29,838 ਮਰੀਜ਼ ਤੰਦਰੁਸਤ ਹੋ ਚੁੱਕੇ ਹਨ।