ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਅਕਤੂਬਰ
ਜ਼ਿਲ੍ਹੇ ਵਿਚ ਡੇਂਗੂ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ ਜ਼ਿਲ੍ਹੇ ਵਿੱਚ ਡੇਂਗੂ ਪੀੜਤ ਮਰੀਜ਼ਾਂ ਦੀ ਗਿਣਤੀ 242 ਤੱਕ ਜਾ ਪਹੁੰਚੀ ਹੈ। ਇਨ੍ਹਾਂ ਵਿੱਚੋਂ 168 ਜਲੰਧਰ ਸ਼ਹਿਰ ਦੇ ਮਰੀਜ਼ ਹਨ ਤੇ 74 ਪੇਂਡੂ ਇਲਾਕਿਆਂ ਨਾਲ ਸਬੰਧਤ ਹਨ। ਸਿਹਤ ਵਿਭਾਗ ਨੇ ਡੇਂਗੂ ਨੂੰ ਕੰਟਰੋਲ ’ਚ ਕਰਨ ਲਈ ਵੱਖ-ਵੱਖ ਥਾਵਾਂ ’ਤੇ ਹਾਟ-ਸਪਾਟ ਇਲਾਕੇ ਬਣਾ ਦਿੱਤੇ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਅਤੇ ਪੇਂਡੂ ਇਲਾਕਿਆਂ ਵਿਚ ਸਰਵੇ ਵੀ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਕਈ ਮੁਹੱਲਿਆਂ ਵਿਚ ਫੌਗਿੰਗ ਦਾ ਕੰਮ ਜਾਰੀ ਹੈ।
ਇਸੇ ਦੌਰਾਨ ਆਈਡੀਐੱਸਪੀ ਲੈਬ ’ਚ ਡੇਂਗੂ ਦੇ ਕੁੱਲ 90 ਟੈਸਟ ਹੋਏ ਹਨ ਜਿਨ੍ਹਾਂ ਵਿਚੋਂ 38 ਜਣੇ ਪੀੜਤ ਪਾਏ ਗਏ। ਨਗਰ ਨਿਗਮ ਫੌਗਿੰਗ ਤਾਂ ਕਰਵਾ ਰਿਹਾ ਹੈ ਪਰ ਸ਼ਹਿਰ ਦੇ ਕਈ ਹਿੱਸੇ ਅਜਿਹੇ ਹਨ ਜਿਥੇ ਅਜੇ ਵੀ ਫੌਗਿੰਗ ਦੀਆਂ ਟੀਮਾਂ ਨਹੀਂ ਪਹੁੰਚੀਆਂ ਤੇ ਲੋਕ ਮੱਛਰ ਤੋਂ ਪ੍ਰੇਸ਼ਾਨ ਹਨ। ਬੜਾ ਪਿੰਡ, ਜਮਸ਼ੇਰ, ਕਰਤਾਰਪੁਰ ਅਤੇ ਮਹਿਤਪੁਰ ਇਲਾਕਿਆਂ ਵਿੱਚ ਡੇਂਗੂ ਦੇ ਮਰੀਜ਼ ਵੱਧ ਆ ਰਹੇ ਹਨ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਡੇਂਗੂ ਦੇ 17 ਕੇਸ ਰਿਪੋਰਟ ਹੋਏ ਜਦੋਂਕਿ ਕੋਵਿਡ ਦੇ ਅੱਜ 2 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ। ਸਿਵਲ ਸਰਜਨ ਦਫ਼ਤਰ ਤੋਂ ਜਾਰੀ ਸੂਚਨਾ ਮੁਤਾਬਿਕ ਜ਼ਿਲ੍ਹੇ ਵਿੱਚ ਹੁਣ ਤੱਕ ਡੇਂਗੂ ਮਰੀਜ਼ਾਂ ਦੀ ਗਿਣਤੀ 1415 ਹੋ ਚੁੱਕੀ ਹੈ। ਅੱਜ ਜ਼ਿਲ੍ਹੇ ਵਿੱਚ ਕੋਵਿਡ ਦੇ 2 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ। ਹੁਣ ਤੱਕ 30817 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਅਤੇ 984 ਦੀ ਮੌਤ ਹੋਈ ਹੈ। ਇਸ ਵੇਲੇ ਕੋਵਿਡ ਦੇ 9 ਮਰੀਜ਼ ਐਕਟਿਵ ਹਨ।