ਗੁਰਦੇਵ ਸਿੰਘ ਗਹੂੰਣ
ਬਲਾਚੌਰ, 18 ਅਗਸਤ
ਪੰਜਾਬ ਸਰਕਾਰ ਦੀ ਆਨਲਾਈਨ ਅਸ਼ਟਾਮ ਨੀਤੀ ਨੇ ਸੂਬੇ ਦੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ ਜਿਨ੍ਹਾਂ ਨੂੰ ਅਸ਼ਟਾਮ ਲੈਣ ਲਈ ਇੱਕ ਤਹਿਸੀਲ ਤੋਂ ਦੂਜੀ ਤਹਿਸੀਲ ਤੱਕ ਦੌੜ-ਭੱਜ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਨਵੀਂ ਆਨਲਾਈਨ ਅਸ਼ਟਾਮ ਨੀਤੀ ਲਾਗੂ ਹੋਣ ਕਾਰਨ ਬਹੁਤ ਸਾਰੇ ਅਸ਼ਟਾਮ ਫਰੋਸ਼ਾਂ ਨੂੰ ਹਾਲੇ ਤੱਕ ਪਾਸਵਰਡ ਹੀ ਨਹੀਂ ਮਿਲੇ ਅਤੇ ਜਿਨ੍ਹਾਂ ਨੂੰ ਮਿਲ ਗਏ ਹਨ, ਉਹ ਖੂਬ ਹੱਥ ਰੰਗ ਰਹੇ ਹਨ।
ਤਹਿਸੀਲ ਕੰਪਲੈਕਸ ਬਲਾਚੌਰ ਵਿੱਚ ਅਸ਼ਟਾਮ ਖਰੀਦਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਹਲਫ਼ੀਆ ਬਿਆਨ ਲਈ 50 ਰੁਪਏ ਵਾਲਾ ਅਸ਼ਟਾਮ 80 ਰੁਪਏ ਵਿੱਚ ਮਿਲ ਰਿਹਾ ਹੈ। ਲੋਕਾਂ ਮੁਤਾਬਕ ਉਨ੍ਹਾਂ ਨੂੰ ਇੱਕ ਹਲਫੀਆ ਬਿਆਨ 205 ਰੁਪਏ ਵਿੱਚ ਹੈ ਰਿਹਾ ਹੈ, ਕਿਉਂਕਿ 80 ਰੁਪਏ ਅਸ਼ਟਾਮ ਉੱਤੇ ਖਰਚ ਹੋ ਰਹੇ ਹਨ, ਜਦੋਂਕਿ 50 ਰੁਪਏ ਟਾਈਪ ਕਰਨ ਵਾਲੇ ਅਤੇ 75 ਰੁਪਏ ਸੇਵਾ ਕੇਂਦਰ ਵਾਲੇ ਲੈ ਰਹੇ ਹਨ। ਸੇਵਾ ਕੇਂਦਰ ਬਲਾਚੌਰ ਵਿੱਚ ਜਿਨ੍ਹਾਂ 41 ਸੇਵਾਵਾਂ ਦੀ ਲਿਸਟ ਲੱਗੀ ਹੋਈ ਹੈ, ਉਸ ਵਿੱਚ ਹਲਫੀਆ ਬਿਆਨ ਦੀ ਫੀਸ ਬਾਰੇ ਕੋਈ ਵੇਰਵਾ ਹੀ ਨਹੀਂ ਦਿੱਤਾ ਹੋਇਆ।
ਦੂਜੇ ਪਾਸੇ ਜਦੋਂ ਸੇਵਾ ਕੇਂਦਰ ਬਲਾਚੌਰ ਦੇ ਇੰਚਾਰਜ ਨੂੰ ਇਸ ਸਬੰਧੀ ਪੁੱਛਿਆ ਤਾਂ ਉਹ ਸੇਵਾ ਕੇਂਦਰ ਦੀਆਂ ਸੇਵਾਵਾਂ ਦੀ ਫ਼ੀਸ ਸਬੰਧੀ ਕੋਈ ਵੇਰਵਾ ਦੇ ਨਾ ਸਕੇ। ਹਲਫ਼ੀਆ ਬਿਆਨ ਦੀ ਸੇਵਾ ਫ਼ੀਸ ਸਬੰਧੀ ਉਨ੍ਹਾਂ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਸ਼ਾਇਦ ਲਿਖਣ ਤੋਂ ਰਹਿ ਗਿਆ ਹੋਵੇ।
ਮਸਲੇ ’ਤੇ ਗੌਰ ਕਰਾਂਗੇ: ਤਹਿਸੀਲਦਾਰ
ਅਸ਼ਟਾਮਾਂ ਦੀ ਬਲੈਕ ਸਬੰਧੀ ਤਹਿਸੀਲਦਾਰ ਬਲਾਚੌਰ ਰਵਿੰਦਰ ਬਾਂਸਲ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਅਣਜਾਣਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਛੁੱਟੀ ‘ਤੇ ਹਨ ਅਤੇ ਸੋਮਵਾਰ ਇਸ ਸਬੰਧੀ ਗੌਰ ਕਰਨਗੇ।