ਜੇ.ਬੀ. ਸੇਖੋਂ
ਗੜ੍ਹਸ਼ੰਕਰ, 1 ਨਵੰਬਰ
ਇੱਥੋਂ ਦੇ ਸੰਤ ਬਾਬਾ ਹਰੀ ਸਿੰਘ ਖਾਲਸਾ ਕਾਲਜ ਆਫ ਐਜੂਕੇਸ਼ਨ ਮਾਹਿਲਪੁਰ ਵਿੱਚ ਬੀਐੱਡ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਕਲਾ ਗਤੀਵਿਧੀਆਂ ਦੇ ਮੁਕਾਬਲੇ ਤਹਿਤ ਚੱਲ ਰਹੇ 63ਵੇਂ ਯੁਵਕ ਅਤੇ ਵਿਰਾਸਤੀ ਮੇਲੇ ਦੇ ਅੱਜ ਆਖਰੀ ਦਿਨ ਵਿਦਿਆਰਥੀਆਂ ਨੇ ਭੰਗੜਾ, ਗਿੱਧਾ ਅਤੇ ਹੋਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਚਾਰ ਰੋਜ਼ਾ ਯੁਵਕ ਮੇਲੇ ਵਿੱਚ ਸਮੁੱਚੀ ਕਾਰਗੁਜ਼ਾਰੀ ਦੇ ਆਧਾਰ ’ਤੇ ਜੀਟੀਬੀ ਖਾਲਸਾ ਆਫ ਐਜੂਕੇਸ਼ਨ, ਦਸੂਹਾ ਨੇ ਓਵਰਆਲ ਟਰਾਫੀ ਜਿੱਤੀ। ਅੱਜ ਮੁੱਖ ਮਹਿਮਾਨ ਵਜੋਂ ਐੱਸਡੀਐੱਮ ਪ੍ਰੀਤਇੰਦਰ ਸਿੰਘ ਬੈਂਸ, ਡੀਐੱਸਪੀ ਦਲਜੀਤ ਸਿੰਘ ਖੱਖ ਮੁੱਖ ਮਹਿਮਾਨ ਵੱਜੋਂ ਹਾਜ਼ਰ ਹੋਏ। ਇਸ ਮੌਕੇ ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮੈਨੇਜਰ ਇੰਦਰਜੀਤ ਸਿੰਘ ਭਾਰਟਾ,ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਅਤੇ ਗੁਰਿੰਦਰ ਸਿੰਘ ਬੈਂਸ ਹਾਜ਼ਰ ਸਨ। ਇਸ ਮੌਕੇ ਲੋਕ ਨਾਚ ਭੰਗੜਾ ਅਤੇ ਗਿੱਧਾ ਦੇ ਮੁਕਾਬਲੇ ਵਿੱਚ ਏਐੱਸ. ਕਾਲਜ ਖੰਨਾ ਨੇ ਪਹਿਲਾ ਸਥਾਨ ਹਾਸਲ ਕੀਤਾ। ਜਨਰਲ ਡਾਂਸ ਵਿੱਚ ਡੀਏਵੀ ਕਾਲਜ ਹੁਸ਼ਿਆਰਪੁਰ, ਫੁਲਕਾਰੀ ਡਿਜ਼ਾਈਨਿੰਗ ਵਿੱਚ ਗੁਰੂ ਨਾਨਕ ਕਾਲਜ ਡੱਲੇਵਾਲ, ਕਲਾਸੀਕਲ ਨਾਚ ਵਿੱਚ ਬੀਸੀਐੱਮ ਕਾਲਜ ਲੁਧਿਆਣਾ, ਮਹਿੰਦੀ ਸਜਾਉਣ ਵਿੱਚ ਬੀਸੀਐੱਮ ਕਾਲਜ ਲੁਧਿਆਣਾ, ਰੰਗੋਲੀ ਸਜਾਉਣ ਵਿੱਚ ਜੀਟੀਬੀ ਕਾਲਜ ਦਸੂਹਾ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਰੋਹਤਾਂਸ਼ ਨੇ ਸਭ ਦਾ ਧੰਨਵਾਦ ਕੀਤਾ।