ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਨਵੰਬਰ
ਇਥੋਂ ਦੇ ਫਗਵਾੜਾ ਗੇਟ ਇਲਾਕੇ ’ਚ ਪਿਛਲੇ 30 ਸਾਲਾਂ ਤੋਂ ਪਰੌਂਠੇ ਬਣਾਉਣ ਵਾਲੀ 70 ਸਾਲਾ ਬਿਰਧ ਕਮਲੇਸ਼ ਕੁਮਾਰੀ ਦੇ ਉਦੋਂ ਭਾਗ ਖੁੱਲ੍ਹ ਗਏ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਦੀ ਸਹਾਇਤਾ ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸੇ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵੀ ਉਸ ਲਈ 50 ਹਜ਼ਾਰ ਦਾ ਚੈੱਕ ਜਾਰੀ ਕਰ ਦਿੱਤਾ। ਲੰਘੀ ਦੇਰ ਸ਼ਾਮ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੀ ਫਗਵਾੜਾ ਗੇਟ ਵਿਖੇ ਉਸ ਥਾਂ ’ਤੇ ਪਹੁੰਚੇ ਜਿੱਥੇ ਕਮਲੇਸ਼ ਕੁਮਾਰੀ ਦੇਰ ਰਾਤ ਤੱਕ ਪਰੌਂਠੇ ਬਣਾਉਣ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਕਮਲੇਸ਼ ਕੁਮਾਰੀ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਉਪਰੰਤ ਕੰਬਲ ਅਤੇ ਫ਼ਲਾਂ ਦੀ ਟੋਕਰੀ ਵੀ ਭੇਟ ਕੀਤੀ ਗਈ। ਇਸ ਮੌਕੇ ਕਮਲੇਸ਼ ਕੁਮਾਰੀ ਨੇ ਦੱਸਿਆ ਕਿ ਉਹ ਪਿਛਲੇ ਕਰੀਬ 30 ਸਾਲਾਂ ਤੋਂ ਇਥੇ ਪਰੌਂਠੇ ਬਣਾਉਣ ਦਾ ਕੰਮ ਰਹੀ ਹੈ। ਕਮਲੇਸ਼ ਕੁਮਾਰੀ ਦੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੌਕੇ ਉੱਤੇ ਮੌਜੂਦ ਐੱਸਡੀਐੱਮ ਡਾ. ਜੈਇੰਦਰ ਸਿੰਘ ਅਤੇ ਸਮਾਜਿਕ ਸੁਰੱਖਿਆ ਅਧਿਕਾਰੀ ਵਰਿੰਦਰ ਬੈਂਸ ਨੂੰ ਕਮਲੇਸ਼ ਕੁਮਾਰੀ ਦੀ ਹਰ ਸੰਭਵ ਮਦਦ ਕਰਨ ਦਾ ਨਿਰਦੇਸ਼ ਦਿੱਤਾ। ਇਸ ਦੌਰਾਨ ਮਨੀਸ਼ਾ ਗੁਲਾਟੀ ਨੇ ਫਗਵਾੜਾ ਗੇਟ ਵਿਖੇ ਕਮਲੇਸ਼ ਕੁਮਾਰੀ ਵੱਲੋਂ ਬਣਾਏ ਪਰੌਂਠਿਆਂ ਦਾ ਸਵਾਦ ਵੀ ਲਿਆ ਅਤੇ ਨਾਲ ਹੀ ਉਨ੍ਹਾਂ ਦੇ ਪੁੱਤਰ ਨੇ ਵੀ ਕਮਲੇਸ਼ ਕੁਮਾਰੀ ਵੱਲੋਂ ਬਣਾਏ ਪਰੌਂਠੇ ਚੱਖੇ। ਇਸੇ ਤਰ੍ਹਾਂ ਨਹਿਰੂ ਗਾਰਡਨ ਰੋਡ ’ਤੇ ਵੀ ਬਜ਼ੁਰਗ ਔਰਤ ਪੂਰਨ ਲਤਾ ਸਬੰਧੀ ਪਤਾ ਲੱਗਣ ’ਤੇ ਚੇਅਰਪਰਸਨ ਮਨੀਸ਼ਾ ਗੁਲਾਟੀ ਤੁਰੰਤ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਪੁੱਜੀ ਅਤੇ ਐੱਸਡੀਐੱਮ ਨੂੰ ਬਜ਼ੁਰਗ ਪੂਰਨ ਲਤਾ ਦੀ ਹਰ ਸੰਭਵ ਮਦਦ ਕਰਨ ਦਾ ਨਿਰਦੇਸ਼ ਦਿੱਤਾ ਅਤੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਅਜਿਹੀਆਂ ਬਿਰਧ ਔਰਤਾਂ ਦੀ ਮਦਦ ਕਰਨ ਲਈ ਵਿਸ਼ੇਸ਼ ਯਤਨ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।