ਜਸਬੀਰ ਸਿੰਘ ਚਾਨਾ
ਫਗਵਾੜਾ, 2 ਨਵੰਬਰ
ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਹੈ ਕਿ ਕਿਰਤ ਦੇ ਦੇਵਤਾ ਵਜੋਂ ਪੂਜੇ ਜਾਂਦੇ ਬਾਬਾ ਵਿਸ਼ਵਕਰਮਾ ਵੱਲੋਂ ਸ਼ਿਲਪਕਾਰੀ, ਆਰਕੀਟੈਕਟ ਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਲੋਕਾਈ ਨੂੰ ਦਿਖਾਇਆ ਗਿਆ ਰਸਤਾ ਅੱਜ ਵੀ ਮਨੁੱਖਤਾ ਦਾ ਮਾਰਗ ਦਰਸ਼ਕ ਹੈ, ਜਿਸ ਤੋਂ ਸੇਧ ਲੈ ਕੇ ਅਸੀਂ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਇੱਥੇ 114 ਸਾਲ ਪੁਰਾਣੇ ਸ੍ਰੀ ਵਿਸ਼ਵਕਰਮਾ ਮੰਦਿਰ ਫਗਵਾੜਾ ਵਿੱਚ ਵਿਸ਼ਵਕਰਮਾ ਪੂਜਾ ਮਹਾਉਤਸਵ ’ਚ ਸ਼ਿਰਕਤ ਕਰਨ ਮੌਕੇ ਕੈਬਨਿਟ ਮੰਤਰੀ ਨੇ ਮੰਦਿਰ ਵਿੱਚ ਮੱਥਾ ਟੇਕਿਆ ਤੇ ਲੋਕਾਂ ਨੂੰ ਵਿਸ਼ਵਕਰਮਾ ਦਿਵਸ ਮੌਕੇ ਮੁਬਾਰਕਬਾਦ ਦਿੱਤੀ। ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਕਿਰਤੀਆਂ ਨੇ ਪੁੱਜ ਕੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ।
ਇਸ ਮੌਕੇ ਕੈਬਨਿਟ ਮੰਤਰੀ ਨੇ ਮੰਦਿਰ ਕਮੇਟੀ ਵੱਲੋਂ ਸਿਹਤ ਖੇਤਰ ’ਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੰਦਿਰ ਕਮੇਟੀ ਨੂੰ ਸੇਵਾ ਕਾਰਜਾਂ ਲਈ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸ੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਵਿੱਚ ਰੋਜ਼ਾਨਾ 350 ਤੋਂ ਵੱਧ ਮਰੀਜਾਂ ਦੀ ਸਿਹਤ ਜਾਂਚ ਹੁੰਦੀ ਹੈ ਜਦਕਿ ਕਰੋਨਾ ਦੇ ਸਮੇਂ ਦੌਰਾਨ ਹਸਪਤਾਲ ਵੱਲੋਂ ਟੀਕਾਕਰਨ ’ਚ ਵੱਡੀ ਭੂਮਿਕਾ ਨਿਭਾਈ ਗਈ ਸੀ। ਇਸ ਤੋਂ ਇਲਾਵਾ ਤਕਨੀਕੀ ਸਿੱਖਿਆ ਦੇ ਖੇਤਰ ’ਚ ਮੰਦਿਰ ਕਮੇਟੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੰਦਿਰ ਕਮੇਟੀ ਵੱਲੋਂ ਜੋ ਮੰਗਾਂ ਰੱਖੀਆਂ ਗਈਆਂ ਹਨ, ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰ ਕੇ ਜਲਦ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਮੰਦਿਰ ਕਮੇਟੀ ਪ੍ਰਧਾਨ ਪ੍ਰਦੀਪ ਧੀਮਾਨ, ਬਲਵੰਤ ਰਾਏ ਧੀਮਾਨ, ਮੰਦਿਰ ਕਮੇਟੀ ਦੇ ਉਪ ਪ੍ਰਧਾਨ ਗੁਰਮੁੱਖ ਸਿੰਘ ਨਾਮਧਾਰੀ, ‘ਆਪ’ ਦੇ ਬੁਲਾਰੇ ਹਰਨੂਰ ਸਿੰਘ ਮਾਨ, ਫਿਲੌਰ ਇੰਚਾਰਜ ਪ੍ਰੇਮ ਕੁਮਾਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਰਤੀਆਂ ਦੇ ਔਜ਼ਾਰ ਧੋਤੇ
ਅਜਨਾਲਾ (ਪੱਤਰ ਪ੍ਰੇਰਕ): ਵਿਸ਼ਵਕਰਮਾ ਦਿਵਸ ਮੌਕੇ ਅਜਨਾਲਾ ਸ਼ਹਿਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੇ ਕਿਰਤੀਆਂ ਵੱਲੋਂ ਕਰਵਾਏ ਇੱਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਿੱਥੇ ਮਿਸਤਰੀਆਂ ਦੇ ਔਜ਼ਾਰ ਪਾਣੀ ਵਿੱਚ ਧੋਤੇ, ਉੱਥੇ ਹੀ ਲੋਕਾਂ ਨੂੰ ਇਮਾਨਦਾਰੀ ਨਾਲ ਹੱਥੀਂ ਕਿਰਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਦਿਵਸ ਸਮੁੱਚੀ ਮਾਨਵਤਾ ਨੂੰ ਆਪਣੇ ਹੱਥੀਂ ਕੰਮ ਕਰਨ ਅਤੇ ਇਮਾਨਦਾਰੀ ਨਾਲ ਰੋਜ਼ੀ-ਰੋਟੀ ਕਮਾਉਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸਰੋਤ ਹਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਲਾਹਨਤਾਂ ਨੂੰ ਖਤਮ ਕੀਤਾ ਜਾ ਸਕਦਾ ਹੈ।