ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਪੱਤਰ ਪ੍ਰੇਰਕ
ਫਗਵਾੜਾ, 18 ਅਕਤੂਬਰ
ਪਿੰਡ ਪਲਾਹੀ ਦੇ ਲੋਕਾਂ ਨੇ ਉਨ੍ਹਾਂ ਦੇ ਪਿੰਡ ’ਚੋਂ ਲੰਘਦੇ ਕੂੜੇ ਦੇ ਟਰੱਕਾਂ ’ਚੋਂ ਪਿੰਡ ਦੀ ਸੜਕ ’ਤੇ ਕੂੜਾ ਡਿੱਗਣ ਤੇ ਪਿੰਡ ’ਚ ਗੰਦਗੀ ਫ਼ੈਲਣ ਦੇ ਮਾਮਲੇ ਖ਼ਿਲਾਫ਼ ਅੱਜ ਪਲਾਹੀ ਚੌਕ ’ਤੇ ਤਿੰਨ ਘੰਟੇ ਧਰਨਾ ਦਿੱਤਾ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਦੀ ਸਰਪੰਚ ਰਣਜੀਤ ਕੌਰ, ਗੁਰਮੀਤ ਸਿੰਘ ਪਲਾਹੀ, ਮਨੋਹਰ ਸਿੰਘ ਪੰਚ, ਮਦਨ ਲਾਲ, ਰਾਮਪਾਲ, ਸੁਖਵਿੰਦਰ ਸਿੰਘ ਆਦਿ ਨੇ ਕਿਹਾ ਕਿ ਨਗਰ ਨਿਗਮ ਵਲੋਂ ਪਿੰਡ ਭੋਗਪੁਰ ਵਿੱਚ ਕੂੜੇ ਦਾ ਡੰਪ ਬਣਾਇਆ ਹੋਇਆ ਹੈ ਜਿਸ ਦੇ ਟਰੱਕ ਇਸ ਪਿੰਡ ’ਚੋਂ ਲੰਘਦੇ ਹਨ ਤੇ ਕੂੜਾ ਨਾ ਢੱਕਿਆ ਹੋਣ ਕਰ ਕੇ ਉਹ ਜਾਂਦੇ ਸਮੇਂ ਸੜਕਾ ’ਤੇ ਖਿਲਰਦਾ ਹੈ ਜਿਸ ਕਾਰਨ ਪਿੰਡ ’ਚ ਬਦਬੂ ਫ਼ੈਲੀ ਰਹਿੰਦੀ ਹੈ ਤੇ ਲੋਕਾਂ ਦਾ ਜੀਊਣਾ ਔਖਾ ਹੋ ਜਾਂਦਾ ਹੈ। ਜਿਸ ਮਾਮਲੇ ਨੂੰ ਲੈ ਕੇ ਇਹ ਧਰਨਾ ਦਿੱਤਾ।
ਮੌਕੇ ’ਤੇ ਸੈਨੇਟਰੀ ਅਫ਼ਸਰ ਪੁੱਜੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਤੇ ਭਰੋਸਾ ਦਿੱਤਾ ਕਿ ਅਗਾਂਹ ਤੋਂ ਪਿੰਡ ਵਾਸੀਆਂ ਨੂੰ ਇਹ ਸ਼ਿਕਾਇਤ ਨਹੀਂ ਆਵੇਗੀ, ਜਿਸ ਤੋਂ ਬਾਅਦ ਲੋਕ ਸ਼ਾਂਤ ਹੋ ਗਏ ਤੇ ਧਰਨਾ ਸਮਾਪਤ ਹੋ ਗਿਆ।
ਫਗਵਾੜਾ ਦੇ ਪਿੰਡ ਪਲਾਹੀ ਵਿਚ ਨਾਅਰੇਬਾਜ਼ੀ ਕਰਦੇ ਹੋਏ ਪਿੰਡ ਵਾਸੀ।-ਫੋਟੋ: ਚਾਨਾ