ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਸਤੰਬਰ
ਸ਼ਹਿਰ ਵਿੱਚ ਵਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਕਮਿਸ਼ਨਰੇਟ ਪੁਲੀਸ ਨੇ ਇੱਥੇ ਔਰਤਾਂ ਦੀ ਸੁਰੱਖਿਆਂ ਮਜ਼ਬੂਤ ਕਰਨ ਲਈ ਮਹਿਲਾ ਪੁਲੀਸ ਕਰਮਚਾਰੀਆਂ ਦੀਆਂ ‘ਸ਼ਕਤੀ’ ਟੀਮਾਂ ਬਣਾਈਆਂ ਹਨ ਜਿਸਦੀ ਸ਼ੁਰੂਆਤ ਅੱਜ ਪੁਲੀਸ ਦੇ ਕਮਿਸ਼ਨਰ ਵਿਕਰਮ ਜੀਤ ਦੁੱਗਲ ਵੱਲੋਂ ਕੀਤੀ ਗਈ।
ਇਸ ਟੀਮ ਦੀ ਨਿਗਰਾਨੀ ਪੁਲੀਸ ਦੀ ਜੁਆਇੰਟ ਕਮਿਸ਼ਨਰ ਡੀ. ਸੂਡਰਵਿਲੀ ਨੂੰ ਸੌਂਪੀ ਗਈ ਹੈ ਜਦਕਿ ਇਸ ਯੋਜਨਾ ਦੀ ਨੋਡਲ ਅਧਿਕਾਰੀ ਵਜੋਂ ਏਸੀਪੀ ਸਾਈਬਰ ਕ੍ਰਾਈਮ ਤੇ ਫੌਰੈਂਸਿੰਕ ਡਾ. ਮਨਪ੍ਰੀਤ ਸ਼ੀਹਮਾਰ ਨੂੰ ਨਿਯੁਕਤ ਕੀਤਾ ਗਿਆ ਹੈ। ਸ਼ਹਿਰ ਦੇ 20 ਥਾਣਿਆਂ ਵਿੱਚ ਸ਼ਕਤੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇੱਕ ‘ਸ਼ਕਤੀ’ ਟੀਮ ਵਿੱਚ ਦੋ ਮਹਿਲਾ ਕਰਮਚਾਰੀ ਤੇ ਇੱਕ ਮਰਦ ਕਰਮਚਾਰੀ ਸ਼ਾਮਲ ਹੋਵੇਗਾ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ‘ਸ਼ਕਤੀ’ ਟੀਮ ਵਿੱਚ ਮਹਿਲਾ ਪੁਲੀਸ ਕਰਮਚਾਰੀ ਸਮੂਹ ਥਾਣਿਆਂ ਵਿੱਚ ਸਿਵਲ ਕੱਪੜਿਆਂ ਵਿੱਚ ਤਾਇਨਾਤ ਹੋਣਗੀਆਂ। ਇਨ੍ਹਾਂ ਟੀਮਾਂ ਦਾ ਮੁੱਖ ਮਕਸਦ ਜਨਤਕ ਟਰਾਂਸਪੋਰਟ ਜਾਂ ਰਸਤੇ ਵਿੱਚ ਜਾ ਰਹੀਆਂ ਕੰਮ-ਕਾਜੀ ਮਹਿਲਾਵਾਂ ਜਾਂ ਸਕੂਲ/ਕਾਲਜ ਜਾ ਰਹੀਆਂ ਵਿਦਿਆਰਥਣਾਂ ਦੀ ਸੁਰੱਖਿਆ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਨਾਲ ਛੇੜ-ਛਾੜ ਕਰਨ ਵਾਲਿਆਂ ਨੂੰ ਇਹ ਟੀਮ ਕਾਬੂ ਕਰ ਕੇ ਕਾਨੂੰਨੀ ਕਾਰਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਰਾਤ ਵੇਲੇ ਔਰਤਾਂ ਲਈ ‘ਪਿੱਕ ਅਪ ਅਤੇ ਡਰਾਪ’ ਸਹੂਲਤ ਵਾਸਤੇ ਤਾਇਨਾਤ ਮਹਿਲਾ ਕਰਮਚਾਰੀ ਵੀ ‘ਸ਼ਕਤੀ’ ਟੀਮ ਦਾ ਹਿੱਸਾ ਹੋਣਗੀਆਂ ਤੇ ਇਹ ਰਾਤ ਸਮੇਂ ਵੀ ਡਿਊਟੀ ਕਰਨਗੀਆਂ।
ਇਸ ਤੋਂ ਇਲਾਵਾ ਮਹਿਲਾ ਸੁਰੱਖਿਆ ਅਧਿਕਾਰੀ ਵੀ ਬਣਾਏ ਗਏ ਹਨ, ਜਿਨ੍ਹਾਂ ਨੂੰ ਸਕੂਲਾਂ-ਕਾਲਜਾਂ ਵਿੱਚ ਤਾਇਨਾਤ ਕੀਤਾ ਜਾਵੇਗਾ ਜੋ ਵਿਦਿਅਕ ਅਦਾਰਿਆਂ ਵਿੱਚ ਸੈਮੀਨਾਰ ਲਾ ਕੇ ਲੜਕੀਆਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਪੁਲੀਸ ਨੇ ਇੱਕ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ।