ਪੱਤਰ ਪ੍ਰੇਰਕ
ਜਲੰਧਰ, 13 ਜੁਲਾਈ
ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ, ਥਾਣਾ ਬਿਲਗਾ, ਥਾਣਾ ਮਹਿਤਪੁਰ, ਥਾਣਾ ਸ਼ਾਹਕੋਟ ਅਤੇ ਥਾਣਾ ਲੋਹੀਆਂ ਦੀ ਪੁਲੀਸ ਨੇ ਸਤਲੁਜ ਦਰਿਆ ਦੇ ਨੇੜਲੇ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦੇ ਸੈਂਕੜੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ।
ਇਸ ਸਬੰਧੀ ਅੱਜ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਥਾਣਾ ਫਿਲੌਰ, ਥਾਣਾ ਬਿਲਗਾ, ਥਾਣਾ ਮਹਿਤਪੁਰ, ਥਾਣਾ ਸ਼ਾਹਕੋਟ ਅਤੇ ਥਾਣਾ ਲੋਹੀਆਂ ਦੇ 90 ਕਿਲੋਮੀਟਰ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨਾਲ ਲੱਗਦੇ ਪਿੰਡਾਂ ਵਿੱਚ ਪਾਣੀ ਜ਼ਿਆਦਾ ਆਉਣ ਕਰ ਕੇ ਕਾਰਵਾਈ ਕਰਦੇ ਹੋਏ ਡੀਆਈਜੀ ਜਲੰਧਰ ਰੇਂਜ ਸਵਪਨ ਸ਼ਰਮਾ, ਐੱਸਪੀ ਮਨਪ੍ਰੀਤ ਸਿੰਘ ਢਿੱਲੋਂ, ਜਗਦੀਸ਼ ਰਾਜ ਅਤੇ ਹਰਜੀਤ ਸਿੰਘ ਸ਼ਾਹਕੋਟ, ਇਸਪੈਕਟਰ ਹਰਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਫਿਲੌਰ, ਸਬ ਇੰਸਪੈਕਟਰ ਮਹਿੰਦਰ ਪਾਲ ਮੁੱਖ ਅਫ਼ਸਰ ਥਾਣਾ ਬਿਲਗਾ, ਇੰਸਪੈਕਟਰ ਹਰਮਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਮਹਿਤਪੁਰ, ਲੇਡੀ ਸਬ-ਇੰਸਪੈਕਟਰ ਅਮਨਪ੍ਰੀਤ ਕੌਰ ਮੁੱਖ ਅਫ਼ਸਰ ਥਾਣਾ ਸ਼ਾਹਕੋਟ ਅਤੇ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਲੋਹੀਆਂ, ਐੱਨ.ਡੀ.ਆਰ.ਐੱਫ ਅਤੇ ਗੈਰ-ਸਰਕਾਰੀ ਐੱਨਜੀਓ ਟੀਮਾਂ ਦੀ ਮਦਦ ਨਾਲ ਕਿਸ਼ਤੀਆਂ ਨਾਲ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਰੈਸਕਿਊ ਅਪਰੇਸ਼ਨ ਕੀਤਾ ਜਾ ਰਿਹਾ ਹੈ। ਅੱਜ ਤੱਕ ਕੁੱਲ 1350 ਪਰਿਵਾਰਾਂ ਨੂੰ ਖਾਣਾ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ। ਪਾਣੀ ਵਿੱਚ ਘਿਰੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਰਿਹਾ ਹੈੈ। ਪੁਲੀਸ ਵਿਭਾਗ ਵੱਲੋਂ ਹੜ੍ਹ ਪੀੜਤਾਂ ਲਈ ਸਿਹਤ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਮੈਡੀਕਲ ਕੈਂਪ ਵੀ ਲਾਏ ਗਏ ਹਨ। ਰੈਸਕਿਊ ਅਪਰੇਸ਼ਨ ਸਬੰਧੀ ਕੰਮ ਅਜੇ ਵੀ ਜਾਰੀ ਹੈ।