ਪੱਤਰ ਪ੍ਰੇਰਕ
ਬੰਗਾ, 16 ਸਤੰਬਰ
ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਬੈਨਰ ਹੇਠ ਇੱਥੇ ਪੱਤਰਕਾਰ ਭਾਈਚਾਰਾ ਭਾਰੀ ਗਿਣਤੀ ਵਿੱਚ ਇਕੱਤਰ ਹੋਇਆ। ਇਸ ਮੌਕੇ ਪੱਤਰਕਾਰਾਂ ਲਈ ਵਰਕਿੰਗ ਜਰਨਲਿਸਟ ਐਕਟ ਦੀ ਬਹਾਲੀ, ਵੇਜ ਬੋਰਡ ਲਾਗੂ ਕਰਨ ਅਤੇ ਸਰਬੱਤ ਸਿਹਤ ਬੀਮਾ ਸਹੂਲਤ ਦਿੱਤੇ ਜਾਣ ਲਈ ਆਵਾਜ਼ ਬੁਲੰਦ ਕੀਤੀ ਗਈ। ਇਸ ਦੇ ਨਾਲ ਕੇਂਦਰ ਸਰਕਾਰ ਦੇ ਟੌਲ ਪਲਾਜ਼ਿਆਂ ਤੋਂ ਮੁਫ਼ਤ ਲਾਂਘਾ, ਸਾਰੇ ਪੀਲਾ ਕਾਰਡ ਹੋਲਡਰਾਂ ਨੂੰ ਮੁਫ਼ਤ ਬੱਸ ਸਫ਼ਰ, ਪੁੱਡਾ ਅਧੀਨ ਘਰ ਨਿਰਮਾਣ ਲਈ ਥਾਂ ਰਾਖਵਾਂ ਕਰਨ, ਪੈਨਸ਼ਨ ਸਹੂਲਤ ਦੇਣ ਆਦਿ ਮੁੱਦੇ ਵੀ ਗੰਭੀਰਤਾ ਨਾਲ ਵਿਚਾਰੇ ਗਏ।
ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਜੰਡੂ ਅਤੇ ਯੂਨੀਅਨ ਦੇ ਸੂਬਾਈ ਆਗੂ ਜੈ ਸਿੰਘ ਛਿੱਬਰ ਅਤੇ ਪਾਲ ਸਿੰਘ ਨੌਲੀ ਨੇ ਵੀ ਪੱਤਰਕਾਰ ਭਾਈਚਾਰੇ ਲਈ ਸਥਾਨਕ, ਸੂਬਾ ਅਤੇ ਕੌਮੀ ਪੱਧਰ ’ਤੇ ਆ ਰਹੀਆਂ ਮੌਜੂਦਾ ਸਮੱਸਿਆਵਾਂ ਦੇ ਕਈ ਪੱਖਾਂ ਨੂੰ ਵਿਚਾਰਿਆ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਬੰਗਾ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਵਿੱਚ ਜਸਬੀਰ ਸਿੰਘ ਨੂਰਪੁਰ ਨੂੰ ਪ੍ਰਧਾਨ, ਇੰਜ. ਹਰਮੇਸ਼ ਵਿਰਦੀ ਨੂੰ ਚੈਅਰਮੈਨ, ਸੁਰਜੀਤ ਮਜਾਰੀ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ।