ਨਰਿੰਦਰ ਸਿੰਘ ਦੌਧਰ
ਗੁਰਾਇਆ, 31 ਅਗਸਤ
ਪਾਵਰਕੌਮ ਸਬ-ਡਿਵੀਜ਼ਨ ਗੁਰਾਇਆ ਦੇ ਕਰਮਚਾਰੀਆਂ ਨੇ ਪਿੰਡ ਜਮਾਲਪੁਰ ’ਚ ਬਿਜਲੀ ਖ਼ਪਤਕਾਰਾਂ ਵੱਲ ਬਿਜਲੀ ਬਿੱਲਾਂ ਦੇ ਬਕਾਏ ਵਸੂਲਣ ਲਈ ਸਬ-ਅਰਬਨ ਵੱਲੋਂ ਫੋਰਮੈਨ ਸੰਜੀਵ ਕੁਮਾਰ, ਦਵਿੰਦਰ ਸਿੰਘ, ਰੋਸ਼ਨ ਲਾਲ, ਗੁਰਪ੍ਰੀਤ ਕੁਮਾਰ ਅਤੇ ਜੇਈ ਅਰਵਿੰਦ ਢੰਡਵਾਲ ਨੇ ਪਿੰਡ ਜਮਾਲਪੁਰ ਦੇ ਖ਼ਪਤਕਾਰਾਂ ਨਾਲ ਸੰਪਰਕ ਕੀਤਾ। ਪਰ ਪਿੰਡ ਦੇ ਕੁੱਝ ਸ਼ਰਾਰਤੀ ਅਨਸਰਾਂ, ਜਿਨ੍ਹਾਂ ਵਿੱਚ ਕੁੱਝ ਔਰਤਾਂ ਵੀ ਸ਼ਾਮਿਲ ਸਨ, ਨੇ ਪਾਵਰਕੌਮ ਦੇ ਕਰਮਚਾਰੀਆਂ ਨਾਲ ਮਾੜਾ ਵਰਤਾਅ ਕੀਤਾ ਤੇ ਗਾਲੀ-ਗਲੋਚ ਕੀਤਾ। ਜਿਨ੍ਹਾਂ ਖ਼ਪਤਕਾਰਾਂ ਵੱਲ ਬਿਜਲੀ ਬਿੱਲਾਂ ਦੀ ਬਕਾਇਆ ਰਕਮ ਨਿਕਲਦੀ ਸੀ, ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਸਨ ਪਰ ਉੱਚ ਅਧਿਕਾਰੀਆਂ ਦੇ ਹੁਕਮ ’ਤੇ ਕੱਟੇ ਗਏ ਕੁਨੈਕਸ਼ਨ ਫੇਰ ਤੋਂ ਜੋੜ ਦਿੱਤੇ ਗਏ।
ਪਿੰਡ ਜਮਾਲਪੁਰ ਦੇ ਲੋਕਾਂ ਵੱਲੋਂ ਬਿਜਲੀ ਕਰਮਚਾਰੀਆਂ ਨਾਲ ਕੀਤੀ ਧੱਕੇਸ਼ਾਹੀ ਖ਼ਿਲਾਫ਼ ਕਰਮਚਾਰੀਆਂ ਵਿੱਚ ਰੋਸ ਹੈ ਅਤੇ ਸਬ-ਅਰਬਨ ਸਬ-ਡਿਵੀਜ਼ਨ ਵਿੱਚ ਕੰਮ ਠੱਪ ਕਰ ਦਿੱਤਾ ਗਿਆ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਪ੍ਰਸ਼ਾਸਨ ਵਲੋਂ ਧੱਕੇਸ਼ਾਹੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ, ਊਨਾ ਚਿਰ ਕਰਮਚਾਰੀਆਂ ਵਲੋਂ ਕੰਮ ਠੱਪ ਰੱਖਿਆ ਜਾਵੇਗਾ ਅਤੇ ਕੋਈ ਵੀ ਕਰਮਚਾਰੀ ਡਿਊਟੀ ਨਹੀਂ ਕਰੇਗਾ। ਮੁਲਾਜ਼ਮਾਂ ਨੇ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ।
ਪਿੰਡ ’ਚ ਮਾਹੌਲ ਸੁਖਾਵਾਂ ਰੱਖਣ ਲਈ ਥਾਣਾ ਅਰਬਨ ਅਸਟੇਟ ਤੋਂ ਸਹਾਇਕ ਸਬ ਇੰਸਪੈਕਟਰ ਕਾਂਤਾ ਰਾਣੀ ਵੱਲੋਂ ਪਿੰਡ ਦੇ ਮੋਹਤਬਰਾਂ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਸਥਿਤੀ ਕਾਬੂ ਵਿੱਚ ਨਾ ਰਹੀ ਤਾਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।