ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਅਕਤੂਬਰ
ਕਰੋਨਾ ਦੀ ਮਾਰ ਨੇ ਜਿਥੇ ਬਾਕੀ ਕਾਰੋਬਾਰਾਂ ਨੂੰ ਲੀਹ ਤੋਂ ਲਾਹ ਦਿੱਤਾ ਹੈ ਉਥੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਮੌਕੇ ਫੂਕੇ ਜਾਣ ਵਾਲੇ ਰਾਵਣ ਦੇ ਪੁਤਲੇ ਵੀ ਕਰੋਨਾ ਦੀ ਮਾਰ ਤੋਂ ਬਚ ਨਹੀਂ ਸਕੇ। ਇਥੋਂ ਦੇ ਸੈਂਟਰਲ ਟਾਊਨ ਇਲਾਕੇ ਵਿਚ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਵਾਸਤੇ ਦਸਹਿਰੇ ਮੌਕੇ ਰਾਵਣ ਦੇ ਪੁਤਲੇ ਬਣਾ ਕੇ ਵੇਚਣ ਵਾਲੇ ਗੁਲਜ਼ਾਰੀ ਲਾਲ ਦਾ ਕਹਿਣਾ ਸੀ ਕਿ ਇਸ ਵਾਰ ਬਹੁਤ ਮੰਦਾ ਚੱਲ ਰਿਹਾ ਹੈ। ਸੈਂਟਰਲ ਟਾਊਨ ਦੇ ਜਿਸ ਘਰ ਵਿਚ ਉਸ ਨੇ ਰਾਵਣ ਦੇ ਛੋਟੇ-ਛੋਟੇ ਪੁਤਲੇ ਬਣਾ ਕੇ ਰੱਖੇ ਹੋਏ ਸਨ ਉਥੇ ਉਹ ਕਿਰਾਏ ’ਤੇ ਰਹਿੰਦਾ ਹੈ। ਉਸ ਨੇ ਦੱਸਿਆ ਕਿ ਇਸ ਵਾਰ ਤਾਂ ਘਰ ਦਾ ਕਿਰਾਇਆ ਦੇਣਾ ਵੀ ਮੁਸ਼ਕਲ ਹੋਇਆ ਪਿਆ ਹੈ। ਛੋਟੇ-ਛੋਟੇ ਬੱਚਿਆਂ ਲਈ ਉਨ੍ਹਾਂ ਦੀ ਵਿੱਤ ਮੁਤਾਬਕ ਰਾਵਣ ਦੇ ਪੁਤਲੇ ਬਣਾ ਕੇ ਵੀ ਉਹ ਪਹਿਲਾਂ ਗੁਜ਼ਾਰੇ ਜੋਗੀ ਕਮਾਈ ਕਰ ਲੈਂਦਾ ਸੀ ਪਰ ਇਸ ਵਾਰ ਉਸ ਨੂੰ ਗਾਹਕ ਨਹੀਂ ਮਿਲ ਰਹੇ। ਇਨ੍ਹਾਂ ਵਿਚ ਜਿਹੜਾ ਸਭ ਤੋਂ ਵੱਡਾ ਪੁਤਲਾ ਹੈ ਪਹਿਲਾਂ ਉਹ 3000 ਤੱਕ ਬੜੀ ਆਸਾਨੀ ਨਾਲ ਵਿਕ ਜਾਂਦਾ ਸੀ, ਇਸ ਵਾਰ ਉਸ ਦਾ ਮੁੱਲ ਅੱਧਾ ਵੀ ਨਹੀਂ ਮਿਲ ਰਿਹਾ। ਛੋਟੇ ਰਾਵਣ ਦੇ ਪੁਤਲੇ ਦਾ ਮੁੱਲ ਵੀ ਉਨ੍ਹਾਂ ਨੇ ਕਰੋਨਾ ਕਾਰਨ ਪਹਿਲਾਂ ਹੀ ਘਟਾਇਆ ਹੋਇਆ ਹੈ, ਫਿਰ ਵੀ ਉਨ੍ਹਾਂ ਨੂੰ ਕੋਈ ਗਾਹਕ ਨਹੀਂ ਮਿਲ ਰਿਹਾ।
ਗੁਲਜ਼ਾਰੀ ਲਾਲ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿਚ ਛੋਟੇ ਬੱਚੇ ਆਪਣਾ ਸ਼ੌਕ ਪੂਰਾ ਕਰਨ ਲਈ ਅਖ਼ਬਾਰਾਂ ਨਾਲ ਰਾਵਣ ਦਾ ਪੁਤਲਾ ਬਣਾ ਕੇ ਹੱਸਦੇ-ਖੇਡਦੇ ਸਨ ਪਰ ਉਨ੍ਹਾਂ ਨੂੰ ਜਦੋਂ ਪੇਸ਼ੇਵਰ ਢੰਗ ਨਾਲ ਤੇ ਵਾਜਬ ਕੀਮਤਾਂ ’ਤੇ ਪੁਤਲੇ ਬਣਾ ਕੇ ਦੇਣ ਲੱਗੇ ਤਾਂ ਰਾਵਣ ਦੇ ਪੁਤਲਿਆਂ ਦੀ ਮੰਗ ਵਧ ਗਈ ਸੀ। ਦਸਹਿਰੇ ਨੂੰ ਉਹ ਪੁਤਲੇ ਬਣਾਉਦਾ ਹੈ ਤੇ ਬਸੰਤ ਰੁੱਤ ਨੂੰ ਉਹ ਪਤੰਗ ਵੇਚਦਾ ਹੈ। ਪਰ ਇਸ ਵਾਰ ਦੋਵੇਂ ਸੀਜ਼ਨ ਕਰੋਨਾ ਦੀ ਮਾਰ ਹੇਠ ਹੀ ਰਹੇ।