ਪੱਤਰ ਪ੍ਰੇਰਕ
ਮੁਕੇਰੀਆਂ, 23 ਜੁਲਾਈ
ਨੇੜਲੇ ਪਿੰਡ ਸਿੰਘੋਵਾਲ ਵਿਖੇ ਚੋਰੀ ਕੀਤੇ ਖੈਰ ਦੇ ਦਰੱਖਤਾਂ ਦੀ ਲੱਦੀ ਗੱਡੀ ਪਿੰਡ ਵਾਲਿਆਂ ਨੇ ਫੜ ਲਈ, ਪਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਖੈਰ ਦੀ ਚੋਰੀ ਕੀਤੀ ਲੱਕੜ ਮੁਕੇਰੀਆ ਹਾਈਡਲ ਨਹਿਰ ਦੇ ਆਸ-ਪਾਸ ਕੀਤੀ ਚੋਰੀ ਕਟਾਈ ਦੀ ਦੱਸੀ ਜਾ ਰਹੀ ਹੈ। ਕਾਬੂ ਕੀਤੀ ਲੱਕੜ ਤੇ ਗੱਡੀ ਕਬਜ਼ੇ ਵਿੱਚ ਲੈ ਕੇ ਜੰਗਲਾਤ ਵਿਭਾਗ ਨੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪਿੰਡ ਦੀ ਸਰਪੰਚ ਸੁਨੀਤਾ ਰਾਮਗੜ੍ਹੀਆ ਨੇ ਦੱਸਿਆ ਕਿ ਖੈਰ ਦੀ ਲੱਕੜ ਚੋਰੀ ਕਰਕੇ ਗੱਡੀ ਵਿੱਚ ਲਿਜਾ ਰਿਹਾ ਇੱਕ ਲੱਕੜ ਚੋਰ ਪਿੰਡ ਦੀਆਂ ਛੋਟੀਆਂ ਗਲੀਆਂ ਵਿੱਚ ਫਸ ਗਿਆ। ਜਦੋਂ ਸਥਾਨਕ ਲੋਕਾਂ ਨੇ ਡਰਾਈਵਰ ਕੋਲੋਂ ਪੁੱਛਗਿੱਛ ਕਰਨੀ ਚਾਹੀ ਤਾਂ ਉਹ ਲੱਕੜ ਸਣੇ ਗੱਡੀ ਛੱਡ ਕੇ ਫਰਾਰ ਹੋ ਗਿਆ। ਸਰਪੰਚ ਨੇ ਦੱਸਿਆ ਕਿ ਸਵੇਰੇ ਕਰੀਬ 4 ਵਜੇ ਪਿੰਡ ਦੇ ਲੋਕਾਂ ਨੇ ਇਸ ਦੀ ਸੂਚਨਾ ਉਸ ਨੂੰ ਦਿੱਤੀ ਸੀ। ਮਗਰੋਂ ਉਨ੍ਹਾਂ ਨੇ ਡੀਐੱਫਓ ਦਸੂਹਾ ਅੰਜਨ ਸਿੰਘ ਨੂੰ ਇਸ ਦੀ ਜਾਣਕਾਰੀ ਦਿੱਤੀ। ਸਰਪੰਚ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੱਕੜ ਚੋਰਾਂ ਨੂੰ ਨੱਥ ਪਾਈ ਜਾਵੇ।
ਸੂਚਨਾ ਮਿਲਣ ’ਤੇ ਪੁੱਜੀ ਵਣ ਵਿਭਾਗ ਦੀ ਟੀਮ ਦੇ ਬਲਾਕ ਅਧਿਕਾਰੀ ਅਜੈ ਕੁਮਾਰ ਨੇ ਦੱਸਿਆ ਕਿ ਮੌਕੇ ’ਤੇ ਪੁੱਜ ਕੇ ਲੱਕੜ ਸਣੇ ਟੈਂਪੂ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਹਾਲੇ ਤੱਕ ਲੱਕੜ ਦੀ ਕਟਾਈ ਹੋਣ ਵਾਲੇ ਸਥਾਨ ਦਾ ਪਤਾ ਨਹੀਂ ਹੈ, ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਡੈਮੇਜ਼ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਲੱਕੜ ਚੋਰਾਂ ਦਾ ਵੀ ਪਤਾ ਲਗਾ ਲਿਆ ਜਾਵੇਗਾ।