ਪੱਤਰ ਪ੍ਰੇਰਕ
ਤਲਵਾੜਾ, 28 ਅਗਸਤ
ਗਾਵਾਂ ਵਿੱਚ ਲੰਪੀ ਸਕਿਨ ਬਿਮਾਰੀ ਕੰਢੀ ਖੇਤਰ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਵੱਡੀ ਗਿਣਤੀ ਪਸ਼ੂ ਜਾਨਲੇਵਾ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ। ਆਵਾਰਾ ਪਸ਼ੂ ਵੀ ਗੰਢ ਰੋਗ ਤੋਂ ਅਛੂਤੇ ਨਹੀਂ ਰਹੇ, ਵੱਡੇ ਪੱਧਰ ’ਤੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ’ਚ ਅਵਾਰਾ ਪਸ਼ੂ ਇਸ ਬਿਮਾਰੀ ਨਾਲ ਮਰ ਰਹੇ ਹਨ। ਸਥਾਨਕ ਲੋਕਾਂ ਨੇ ਇਲਾਕੇ ’ਚ ਮ੍ਰਿਤਕ ਪਸ਼ੂਆਂ ਕਾਰਨ ਹੋਰ ਬਿਮਾਰੀ ਜਾਂ ਮਹਾਂਮਾਰੀ ਫੈਲਣ ਦਾ ਖਦਸ਼ਾ ਪ੍ਰਗਟਾਇਆ ਹੈ। ਪ੍ਰਸ਼ਾਸਨ ਲਈ ਰੋਗ ਗ੍ਰਸਤ ਅਵਾਰਾ ਪਸ਼ੂਆਂ ਦਾ ਇਲਾਜ ਅਤੇ ਮੌਤ ਉਪਰੰਤ ਉਨ੍ਹਾਂ ਨੂੰ ਦਫਨਾਉਣਾ ਚੁਣੌਤੀ ਬਣਿਆ ਹੋਇਆ ਹੈ।
ਸੀਨੀਅਰ ਵੈਟਨਰੀ ਅਫਸਰ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਸਬ ਡਿਵੀਜ਼ਨ ਮੁਕੇਰੀਆਂ ’ਚ ਲੰਪੀ ਸਕਿਨ ਨਾਮਕ ਬਿਮਾਰੀ ਸਿਖਰ ’ਤੇ ਹੈ। ਆਉਣ ਵਾਲੇ ਦੋ ਤਿੰਨ ਦਿਨਾਂ ’ਚ ਕੇਸ ਵਧਣਗੇ। ਅੱਜ ਤੱਕ ਕੁੱਲ 1561 ਪਸ਼ੂ ਗੰਢ ਰੋਗ ਨਾਲ ਗ੍ਰਸਤ ਪਾਏ ਗਏ ਹਨ, 780 ਤੋਂ ਵਧ ਪਸ਼ੂ ਠੀਕ ਵੀ ਹੋਏ ਹਨ। 52 ਪਸ਼ੂਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕੋਲ਼ ਆਵਾਰਾ ਪਸ਼ੂਆਂ ਸਬੰਧੀ ਕੋਈ ਅੰਕੜਾ ਮੌਜ਼ੂਦ ਨਹੀਂ ਹੈ। ਉਨ੍ਹਾਂ ਮੰਨਿਆ ਕਿ ਆਵਾਰਾ ਪਸ਼ੂ ਵੱਡੀ ਗਿਣਤੀ ’ਚ ਇਸ ਨਾਮੁਰਾਦ ਬਿਮਾਰੀ ਦੇ ਸ਼ਿਕਾਰ ਹੋ ਕੇ ਮਰ ਰਹੇ ਹਨ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਡੀਡੀਪੀਓ ਤੇ ਬੀਡੀਪੀਓਜ਼ ਰਾਹੀਂ ਪੱਤਰ ਜਾਰੀ ਕਰਕੇ ਪੰਚਾਇਤਾਂ ਨੂੰ ਪਿੰਡਾਂ ’ਚ ਬਿਮਾਰੀ ਕਾਰਨ ਮਰੇ ਦੀ ਪਸ਼ੂਆਂ ਦੀ ਰਿਪੋਰਟ ਦੇਣ ਅਤੇ ਉਨ੍ਹਾਂ ਨੂੰ ਵੈਟਨਰੀ ਡਾਕਟਰ ਤੇ ਬੀਡੀਪੀਓ ਦਫ਼ਤਰ ਦੀ ਮੌਜੂਦਗੀ ’ਚ ਦਫ਼ਨਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।