ਜੇ.ਬੀ.ਸੇਖੋਂ
ਗੜ੍ਹਸ਼ੰਕਰ,30 ਜੁਲਾਈ
ਕਸਬਾ ਮਾਹਿਲਪੁਰ ਤੋਂ ਜੇਜੋਂ ਦੁਆਬਾ ਨੂੰ ਜਾਣ ਵਾਲੀ ਪ੍ਰਧਾਨ ਮੰਤਰੀ ਸੜਕ ’ਤੇ ਢਿੱਗਾਂ ਡਿੱਗਣ ਕਾਰਨ ਸੜਕ ਊੱਤੇ ਕਰੀਬ 500 ਮੀਟਰ ਤੱਕ ਗਾਰਾ ਜਮ੍ਹਾ ਹੋ ਗਿਆ ਹੈ ਜਿਸ ਨਾਲ ਲੋਕਾਂ ਦਾ ਲਾਂਘਾ ਮੁਸ਼ਕਿਲ ਬਣ ਗਿਆ ਹੈ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਤਰਸੇਮ ਸਿੰਘ ਨੇ ਕਿਹਾ ਕਿ ਉਹ ਅੱਜ ਹੀ ਪ੍ਰਭਾਵਿਤ ਥਾਂ ਦਾ ਦੌਰਾ ਕਰਕੇ ਆਏ ਹਨ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਲਈ ਪੱਤਰ ਲਿਖਿਆ ਹੈ।ਇੱਥੇ ਦੱਸਣਯੋਗ ਹੈ ਕਿ ਇਹ ਸੜਕ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਜਾਣ ਲਈ ਸਭ ਤੋਂ ਸੌਖਾ ਤੇ ਸਸਤਾ ਮਾਰਗ ਹੈ ਜਿਸਨੂੰ ਪੰਜ ਸਾਲ ਪਹਿਲਾਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਗੌਤਮ ਕੰਸਟਰੱਕਸ਼ਨ ਕੰਪਨੀ ਵਲੋਂ ਬਣਾਇਆ ਗਿਆ ਸੀ। ਅਗਸਤ 2020 ਨੂੰ ਇਸ ਸੜਕ ਦਾ ਨਿਰਮਾਣ ਹੋਇਆ ਪੰਜ ਸਾਲ ਹੋ ਜਾਣਗੇ ਅਤੇ ਉਦੋਂ ਤੱਕ ਸੜਕ ਦੀ ਮੁਰੰਮਤ ਦਾ ਸਮੁੱਚੀ ਜ਼ਿੰਮੇਵਾਰੀ ਸਬੰਧਤ ਕੰਪਨੀ ਦੀ ਹੈ ਪਰ ਕੰਪਨੀ ਵਲੋਂ ਸੜਕ ਦੀ ਅਣਦੇਖੀ ਕਾਰਨ ਮੁਰੰਮਤ ਕਰਨ ਦਾ ਸਮਾਂ ਬਿਨਾਂ ਕੋਈ ਕੰਮ ਕੀਤਿਆਂ ਲੰਘਾਇਆ ਜਾ ਰਿਹਾ ਹੈ। ਇਲਾਕੇ ਦੇ ਵਸਨੀਕਾਂ ਜਗਤਾਰ ਸਿੰਘ ਕਹਾਰਪੁਰ ਅਤੇ ਸੁਖਵਿੰਦਰ ਸਿੰਘ ਹਰਜੀਆਣਾ ਅਨੁਸਾਰ ਹਰ ਸਾਲ ਬਰਸਾਤ ਦੌਰਾਨ ਸੜਕ ’ਤੇ ਢਿਗਣ ਡਿੱਗਦੀਆਂ ਹਨ ਪਰ ਸੜਕ ਦੀ ਮੁਰੰਮਤ ਦੇ ਨਾਂ ’ਤੇ ਕੁਝ ਨਹੀਂ ਕੀਤਾ ਜਾ ਰਿਹਾ।ਇਸ ਬਾਰੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਕਮਲ ਨੈਣ ਨੇ ਕਿਹਾ ਕਿ ਉਹ ਇਸ ਬਾਰੇ ਰਿਪੋਰਟ ਮੰਗਾ ਰਹੇ ਹਨ ਅਤੇ ਕਾਰਵਾਈ ਕੀਤੀ ਜਾਵੇਗੀ।