ਪੱਤਰ ਪ੍ਰੇਰਕ
ਮੁਕੇਰੀਆਂ, 24 ਅਪਰੈਲ
ਇਥੇ ਲੋਕਾਂ ਨੇ ਸੂਬਾ ਸਰਕਾਰ ਦੀ ਸਾਢੇ ਚਾਰ ਸਾਲਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਹਲਕੇ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਤੁਰੰਤ ਕਰਨ ਦੀ ਮੰਗ ਕੀਤੀ ਹੈ। ‘ਆਪ’ ਦੇ ਟਰੇਡ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਅਤੇ ਸਾਬਕਾ ਹਲਕਾ ਇੰਚਾਰਜ ਪ੍ਰੋਫੈਸਰ ਜੀਐੱਸ ਮੁਲਤਾਨੀ ਦੀ ਅਗਵਾਈ ਵਿੱਚ ਪਾਰਟੀ ਆਗੂਆਂ ਵੱਲੋਂ ਹਲਕੇ ਦੀਆਂ ਖਸਤਾ ਹਾਲ ਸੜਕਾਂ ਦੀ ਨਿਸ਼ਾਨਦੇਹੀ ਕੀਤੀ ਗਈ ਤਾਂ ਜੋ ਆਉਂਦੇ ਸਮੇਂ ਅੰਦਰ ਹਲਕਾ ਵਿਧਾਇਕਾ ਨੂੰ ਘੇਰਿਆ ਜਾ ਸਕੇ। ਇਸ ਮੌਕੇ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ ਨੇ ਕਿਹਾ ਕਿ ਹਲਕੇ ਦੇ ਵੱਖ ਵੱਖ ਪਿੰਡਾਂ ਨੂੰ ਜਾਂਦੀਆਂ ਸੜਕਾਂ ਛੱਪੜ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਪਿੰਡ ਮਹਿਤਾਬਪੁਰ ਨੂੰ ਜਾਣ ਵਾਲੀ ਸੰਪਰਕ ਸੜਕ ਵਿੱਚ ਗੋਡੇ ਗੋਡੇ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਦਾ ਪਿੰਡ ਵੜਨਾ ਮੁਸ਼ਕਲ ਹੋਇਆ ਹੈ ਅਤੇ ਲੋਕ ਆਸ ਪਾਸ ਦੇ ਸੰਪਰਕ ਰਸਤਿਆਂ ਰਾਹੀਂ ਆਪਣੇ ਘਰਾਂ ’ਚ ਪੁੱਜਦੇ ਹਨ। ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਇਸ ਬਾਰੇ ਅਧਿਕਾਰੀਆਂ ਨੂੰ ਕਈ ਵਾਰੀ ਸ਼ਿਕਾਇਤ ਕਰ ਚੁੱਕੇ ਹਨ ਅਤੇ ਮਸਲਾ ਹਲਕਾ ਵਿਧਾਇਕਾ ਕੋਲ ਵੀ ਉਠਾ ਚੁੱਕੇ ਹਨ ਪਰ ਇਸਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੱਥੇ ਬਿਨਾਂ ਬਰਸਾਤ ਛੱਪੜ ਲੱਗਾ ਰਹਿੰਦਾ ਹੈ ਕਿਉਂਕਿ ਇਹ ਬਰਸਾਤੀ ਪਾਣੀ ਨਹੀਂ ਸਗੋਂ ਪਿੰਡ ਦੀਆਂ ਨਾਲੀਆਂ ਦੀ ਨਿਕਾਸੀ ਨਾ ਹੋਣ ਕਾਰਨ ਇਕੱਠਾ ਹੁੰਦਾ ਪਾਣੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਹ ਸੜਕ ਤੁਰੰਤ ਠੀਕ ਕਰਾਈ ਜਾਵੇ ਤਾਂ ਕਿ ਪਿੰਡ ਵਾਲਿਆਂ ਦੀ ਸਮਸਿਆ ਦਾ ਹੱਲ ਹੋ ਸਕੇ।
ਸੜਕ ਦੀ ਮੰਦੀ ਹਾਲਤ ਖ਼ਿਲਾਫ਼ ਨਾਅਰੇਬਾਜ਼ੀ
ਪਠਾਨਕੋਟ (ਪੱਤਰ ਪ੍ਰੇਰਕ): ਪਿੰਡ ਬੁੰਗਲ ਵਿੱਚ ਸੜਕ ਦੀ ਮੰਦੀ ਹਾਲਤ ਅਤੇ ਠੇਕੇਦਾਰ ਵਲੋਂ ਨਿਰਮਾਣ ਕੰਮ ਨੂੰ ਅੱਧ ਵਿਚਕਾਰ ਲਟਕਦਾ ਛੱਡਣ ਨੂੰ ਖ਼ਿਲਾਫ਼ ਸਥਾਨਕ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਕਰਨ ਵਾਲਿਆਂ ਵਿੱਚ ਸਾਬਕਾ ਸਰਪੰਚ ਰਾਮ ਸਿੰਘ, ਮਾਸਟਰ ਸਤਿਆ ਪ੍ਰਕਾਸ਼, ਸੂਰਜ ਪ੍ਰਕਾਸ਼, ਰਵੀ ਭੂਸ਼ਣ, ਚਮਨ ਲਾਲ, ਜੋਗਿੰਦਰ ਪਾਲ, ਮੁਕੇਸ਼ ਕੁਮਾਰ, ਵਿਜੇ ਕੁਮਾਰ, ਰਿੰਕੂ ਧੀਮਾਨ ਆਦਿ ਹਾਜ਼ਰ ਸਨ। ਪ੍ਰਦਰਸ਼ਨਕਾਰੀਆਂ ਵਿੱਚ ਸਾਬਕਾ ਸਰਪੰਚ ਰਾਮ ਸਿੰਘ, ਮਾਸਟਰ ਸਤਿ ਪ੍ਰਕਾਸ਼, ਸੂਰਜ ਪ੍ਰਕਾਸ਼ ਆਦਿ ਨੇ ਦੱਸਿਆ ਕਿ ਠੇਕੇਦਾਰ ਵਲੋਂ 1 ਮਹੀਨੇ ਪਹਿਲਾਂ ਪਾਣੀ ਦੀ ਨਿਕਾਸੀ ਲਈ ਸੜਕ ਕਿਨਾਰੇ ਇੱਕ ਟੋਇਆ ਕੱਢ ਕੇ ਸੜਕ ਦਾ ਨਿਰਮਾਣ ਕੰਮ ਸ਼ੁਰੂ ਕਰਵਾਇਆ ਸੀ ਪਰ ਠੇਕੇਦਾਰ ਵਲੋਂ ਟੋਇਆ ਕੱਢਵਾਉਣ ਬਾਅਦ ਉਸ ਦੇ ਕੁੱਝ ਹਿੱਸੇ ਦਾ ਨਿਰਮਾਣ ਕੀਤਾ ਅਤੇ ਕੁੱਝ ਅਧੂਰਾ ਹੀ ਛੱਡ ਦਿੱਤਾ। ਜਿਸ ਨਾਲ ਮੁਹੱਲੇ ਵਿੱਚੋਂ ਆਉਣ ਵਾਲਾ ਪਾਣੀ ਅਤੇ ਬਾਰਸ਼ ਦਾ ਪਾਣੀ ਦੋਵੇਂ ਨਾਲੇ ਵਿੱਚ ਜਾਣ ਦੀ ਬਜਾਏ ਸੜਕ ਵਿਚਕਾਰ ਖੜ੍ਹਾ ਹੋ ਜਾਂਦਾ ਹੈ ਅਤੇ ਪਾਣੀ ਖੜ੍ਹਾ ਹੋ ਜਾਣ ਕਾਰਨ ਸੜਕ ਦੇ ਵਿੱਚ ਵੱਡੇ-ਵੱਡੇ ਟੋਏ ਪੈ ਗਏ ਹਨ। ਜਿਸ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।