ਪੱਤਰ ਪ੍ਰੇਰਕ
ਹੁਸ਼ਿਆਰਪੁਰ, 30 ਸਤੰਬਰ
ਸ਼ਹਿਰ ਦੇ ਕਾਨਵੈਂਟ ਸਕੂਲ ਵਿਚ ਬੀਤੇ ਦਿਨ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਦੇ ਕੜੇ ਉਤਰਵਾਉਣ ਦਾ ਮਾਮਲਾ ਉਸ ਸਮੇਂ ਤੂਲ ਫੜ ਗਿਆ ਜਦੋਂ ਇਸ ਦੀ ਸੂਚਨਾ ਸਿੱਖ ਜਥੇਬੰਦੀਆਂ ਨੂੰ ਮਿਲੀ। ਸਿੱਖਾਂ ਦੇ ਵਫ਼ਦ ਨੇ ਅੱਜ ਸਕੂਲ ਪਹੁੰਚ ਕੇ ਇਸ ਕਾਰਵਾਈ ਖ਼ਿਲਾਫ਼ ਰੋਸ ਪ੍ਰਗਟਾਇਆ ਜਿਸ ਪਿੱਛੋਂ ਸਕੂਲ ਪ੍ਰਸ਼ਾਸਨ ਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਵਾਇਆ। ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਸੀ। ਜ਼ਿਕਰਯੋਗ ਹੈ ਕਿ ਸਥਾਨਕ ਮਾਊਂਟ ਕਾਰਮਲ ਸਕੂਲ ਵਿਚ ਵੀਰਵਾਰ ਨੂੰ ਪੇਪਰ ਦੇਣ ਆਏ 10-15 ਸਿੱਖ ਬੱਚਿਆਂ ਦੇ ਅਧਿਆਪਕ ਨੇ ਕੜੇ ਉਤਰਵਾ ਦਿੱਤੇ ਸਨ। ਸਕੂਲ ਪ੍ਰਸ਼ਾਸਨ ਵੱਲੋਂ ਗ਼ਲਤੀ ਲਈ ਮੁਆਫ਼ੀ ਮੰਗੀ ਗਈ। ਸਕੂਲ ਪ੍ਰਸ਼ਾਸਨ ਵਲੋਂ ਲਿਖਤੀ ਰੂਪ ਵਿਚ ਮੁਆਫ਼ੀ ਮੰਗਣ ਤੋਂ ਬਾਅਦ ਮਾਮਲਾ ਰਫ਼ਾ-ਦਫ਼ਾ ਹੋ ਗਿਆ।