ਪੱਤਰ ਪ੍ਰੇਰਕ
ਸ਼ਾਹਕੋਟ, 6 ਜੂਨ
ਚੱਕ ਬਾਹਮਣੀਆਂ ਦੇ ਟੌਲ ਪਲਾਜ਼ੇ ’ਤੇ ਭਾਰਤੀ ਕਿਸਾਨ ਯੂਨੀਅਨ (ਤੋਤੇਵਾਲ) ਵੱਲੋਂ ਲਗਾਇਆ ਧਰਨਾ ਅੱਜ ਪੰਜਵੇਂ ਦਿਨ ਵਿਚ ਦਾਖਲ ਹੋ ਗਿਆ। ਕਿਸਾਨਾਂ ਵੱਲੋਂ ਆਵਾਜਾਈ ਵਿਚ ਵਿਘਨ ਪਾਏ ਬਗੈਰ ਟੌਲ ਨੂੰ ਪਰਚੀ ਮੁਕਤ ਕੀਤਾ ਗਿਆ। ਸੂਬਾ ਪ੍ਰਧਾਨ ਸੁੱਖ ਗਿੱਲ ਅਤੇ ਜਨਰਲ ਸਕੱਤਰ ਕੇਵਲ ਸਿੰਘ ਖਹਿਰਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕੌਮੀ ਹਾਈਵੇਅ ਅਥਾਰਿਟੀ ਅਤੇ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜ ਦਿਨ ਬੀਤਣ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਗੌਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਹੋ ਜਾਦੀਆਂ ਉਨ੍ਹਾਂ ਚਿਰ ਉਹ ਟੌਲ ਨੂੰ ਪਰਚੀ ਮੁਕਤ ਹੀ ਰੱਖਣਗੇ। ਇਸ ਮੌਕੇ ਕਈ ਕਿਸਾਨ ਆਗੂਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਟੌਲ ਪਲਾਜ਼ਾ ਦੇ ਮੈਨੇਜਰ ਸੋਨੂੰ ਤੋਮਰ ਨੇ ਦੱਸਿਆ ਕਿ ਉਹ ਕੰਪਨੀ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਾਸ਼ਟਰੀ ਹਾਈਵੇਅ ਅਥਾਰਿਟੀ ਨੂੰ ਇਸ ਸਬੰਧੀ ਲਗਾਤਾਰ ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਧਰਨੇ ਕਾਰਨ ਉਨ੍ਹਾਂ ਨੂੰ ਹੁਣ ਤੱਕ ਕਰੀਬ 50 ਲੱਖ ਰੁਪਏ ਦਾ ਘਾਟਾ ਪੈ ਗਿਆ ਹੈ।