ਤਲਵਾੜਾ (ਦੀਪਕ ਠਾਕੁਰ) ਨੀਮ ਪਹਾੜੀ ਪਿੰਡ ਸੁਖਚੈਨਪੁਰ ਤੇ ਭੋਲ ਬਦਮਾਣੀਆਂ ’ਚ ਪਹਾੜਾਂ ਦੀ ਪੁਟਾਈ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਸਰਕਾਰ ਬਦਲਣ ਦੇ ਬਾਵਜੂਦ ਇੱਥੇ ਨਾਜਾਇਜ਼ ਖਣਨ ਨਿਰੰਤਰ ਜਾਰੀ ਹੈ। ਪਹਾੜਾਂ ਦੀ ਕਟਾਈ ਕਾਰਨ ਜਿੱਥੇ ਜੰਗਲੀ ਜੀਵਨ ਤਬਾਹ ਕੀਤਾ ਜਾ ਰਿਹਾ ਹੈ, ਉਥੇ ਹੀ ਕੁਦਰਤੀ ਵਣ ਸੰਪਦਾ ਤੇ ਕੰਢੀ ਦੀ ਭੂਗੋਲਿਕ ਦਿੱਖ ਨੂੰ ਵੱਡੀ ਢਾਹ ਲਾਈ ਜਾ ਰਹੀ ਹੈ। ਕੁਦਰਤੀ ਵੰਨ ਸੁਵੰਨਤਾ ਖਤਰੇ ’ਚ ਪੈ ਗਈ ਹੈ ਤੇ ਰਿਹਾਇਸ਼ੀ ਅਬਾਦੀ ਕੋਲ਼ ਕੀਤੀ ਜਾ ਰਹੇ ਖਣਨ ਕਾਰਨ ਲੋਕ ਔਖੇ ਹਨ। ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਰੇਤ ਬਜੱਰੀ, ਲੱਕੜ ਆਦਿ ਮਾਫੀਏ ਕਾਰਨ ਕਾਂਗਰਸ ਪਾਰਟੀ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉੱਥੇ ਹੀ ਹਲ਼ਕਾ ਦਸੂਹਾ ਤੋਂ ਕਾਂਗਰਸੀ ਵਿਧਾਇਕ ਨੂੰ ਵੀ ਹਾਰ ਦਾ ਮੁੂੰਹ ਦੇਖਣਾ ਪਿਆ। ਵਿਰੋਧੀ ਧਿਰਾਂ ਵਿਸ਼ੇਸ਼ ਤੌਰਤੇ ਆਮ ਆਦਮੀ ਪਾਰਟੀ ਨੇ ਨਾਜਾਇਜ਼ ਖਣਨ ਕਾਰੋਬਾਰ ਆਪਣਾ ਅਹਿਮ ਚੋਣ ਮੁੱਦਾ ਬਣਾਇਆ ਸੀ, ਪਰ ਬਾਵਜੂਦ ਇਸ ਦੇ ਕੰਢੀ ਖ਼ੇਤਰ ’ਚ ਪਹਾੜਾਂ ਤੇ ਦਰਿਆਵਾਂ ’ਚ ਖਣਨ ਮਾਫੀਆ ਸਰਗਰਮ ਹੈ। ਬਲਾਕ ਤਲਵਾੜਾ ’ਚ ਸਰਕਾਰ ਵੱਲੋਂ ਕੋਈ ਵੀ ਖੱਡ ਮਾਈਨਿੰਗ ਲਈ ਅਲਾਟ ਨਹੀਂ ਕੀਤੀ ਗਈ, ਜਦੋਂਕਿ ਇੱਥੇ ਅੱਧੀ ਦਰਜਨ ਦੇ ਕਰੀਬ ਸਟੋਨ ਕਰੱਸ਼ਰ ਕਾਰਜ਼ਸ਼ੀਲ ਹਨ। ਪਿੰਡ ਭੋਲ ਬਦਮਾਣੀਆਂ ਦੇ ਅਗਾਂਹਵਧੂ ਨੌਜਵਾਨ ਨੀਰਜ ਸ਼ਰਮਾ ਨੇ ਦੱਸਿਆ ਕਿ ਪਹਾੜਾਂ ਦੀ ਕਥਿਤ ਕਟਾਈ ਖ਼ਿਲਾਫ਼ ਉਸਨੇ ਮਾਈਨਿੰਗ, ਜੰਗਲਾਤ, ਜੰਗਲੀ ਜੀਵ ਆਦਿ ਵਿਭਾਗਾਂ ਨੂੰ ਲਿਖਤੀ ਸ਼ਿਕਾਇਤਾਂ ਕੀਤੀਆਂ, ਅਧਿਕਾਰੀ ਮੌਕਾ ਦੇਖਣ ਆਏ ਅਤੇ ਰਿਪੋਰਟ ਬਣਾ ਕੇ ਚੱਲੇ ਗਏ, ਪਰ ਕਥਿਤ ਖੁਦਾਈ ਬੰਦ ਨਹੀਂ ਹੋਈ। ਸੁਖਚੈਨਪੁਰ ’ਚ ਨਾਜਾਇਜ਼ ਖੁਦਾਈ ਨੇ ਲੋਕਾਂ ਦਾ ਸੁੱਖ ਚੈਨ ਖੋਹ ਲਿਆ ਹੈ। ਡੀਐਫਓ ਦਸੂਹਾ ਅਟਲ ਮਹਾਜਨ ਨੇ ਕਿਹਾ ਕਿ ਇਹ ਰਕਬਾ ਜੰਗਲਾਤ ਵਿਭਾਗ ਦੀ ਦਫ਼ਾ 4 ਤੇ 5 ਅਧੀਨ ਨਹੀਂ ਆਉਂਦਾ ਹੈ। ਮਾਈਨਿੰਗ ਵਿਭਾਗ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਮਾਈਨਿੰਗ ਵਿਭਾਗ ਹੁਸ਼ਿਆਰਪੁਰ ਦੇ ਐਕਸੀਅਨ ਸਰਤਾਜ ਸਿੰਘ ਰੰਧਾਵਾ ਨੂੰ ਕਈ ਵਾਰ ਫੋਨ ਕੀਤਾ, ਪਰ ਉਨ੍ਹਾਂ ਫੋਨ ਨਹੀਂ ਉਠਾਇਆ।