ਪੱਤਰ ਪ੍ਰੇਰਕ
ਸ਼ਾਹਕੋਟ, 29 ਅਕਤੂਬਰ
ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਚੇਤਨਾ ਪੈਦਾ ਕਰਨ ਵਾਲੇ ਏਕ ਓਂਕਾਰ ਚੈਰੀਟੇਬਲ ਟਰੱਸਟ ਸੀਚੇਵਾਲ ਦੇ ਵਿੱਤ ਸਕੱਤਰ ਸੁਰਜੀਤ ਸਿੰਘ ਸ਼ੰਟੀ ਦਾ ਪੰਜਾਬ ਸਰਕਾਰ ਵੱਲੋਂ ਸ਼ਲਾਘਾ ਪੱਤਰ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਨਿਰਮਲ ਕੁਟੀਆ ਸੀਚੇਵਾਲ ਵਿਖੇ ਪਹੁੰਚੇ ਸੁਰਜੀਤ ਸਿੰਘ ਸ਼ੰਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਚਲਾਈ ਜਾ ਰਹੀ ਵਾਤਾਵਰਨ ਸੰਭਾਲ ਸਬੰਧੀ ਮੁਹਿੰਮ ਨਾਲ ਜੁੜੇ ਹੋਣ ਕਰਕੇ ਉਹ ਅੱਗੇ ਤੋਂ ਵੀ ਸਮਾਜ ਵਿਚ ਵਾਤਾਵਰਨ ਪ੍ਰਤੀ ਲੋਕਾਂ ਨੂੰ ਹਮੇਸ਼ਾ ਸੁਚੇਤ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗੰਧਲੇ ਹੋ ਚੁੱਕੇ ਵਾਤਾਵਰਨ ਨੂੰ ਤੰਦਰੁਸਤ ਕਰਨ ਲਈ ਸਾਰਿਆਂ ਨੂੰ ਮਿਲ ਕੇ ਵੱਡਾ ਹੰਭਲਾ ਮਾਰਨਾ ਹੀ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਤੇ ਪਾਰਾਲੀ ਪ੍ਰਬੰਧਨ ਵਿਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣ ਵਾਲਿਆਂ ਦਾ ਸਨਮਾਨ ਕਰਨ ਲਈ ਮੁਹਾਲੀ ਵਿੱਚ ਅੱਜ ਸਮਾਗਮ ਕੀਤਾ ਸੀ, ਜਿਸ ਵਿਚ ਉਨ੍ਹਾਂ ਦਾ ਨਾਮ ਵੀ ਸ਼ਾਮਲ ਸੀ।