ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਮਈ
ਪੰਚਾਇਤੀ ਜ਼ਮੀਨਾਂ ’ਤੇ ਨਜਾਇਜ਼ ਕਬਜ਼ੇ ਛੁਡਾਉਣ ਲਈ ਗਈ ਪੰਜਾਬ ਸਰਕਾਰ ਦੀ ਟੀਮ ਨੂੰ ਅੱਜ ਬੇਰੰਗ ਪਰਤਣਾ ਪਿਆ। ਨਿਸ਼ਾਨਦੇਹੀ ਕਰਕੇ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਲੈਣ ਲਈ ਜਦੋਂ ਉਥੇ ਪੰਚਾਇਤ ਵਿਭਾਗ ਦੇ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਦਾ ਇਨ੍ਹਾਂ ਜ਼ਮੀਨਾਂ ਨੂੰ ਅਬਾਦ ਕਰਨ ਵਾਲਿਆਂ ਅਤੇ ਕਿਸਾਨ ਜਥੇਬੰਦੀਆਂ ਨੇ ਡੱਟ ਕੇ ਵਿਰੋਧ ਕੀਤਾ। ਦਰਿਆ ਵਾਲੇ ਬਿੱਲੇ ਪਿੰਡ ਵਿੱਚ ਜ਼ਿਲ੍ਹਾ ਪੇਂਡੂ ਵਿਕਾਸ ਤੇ ਬਲਾਕ ਪੰਚਾਇਤ ਵਿਕਾਸ ਦਫਤਰ ਤੋਂ ਅਧਿਕਾਰੀ ਪੰਚਾਇਤ ਦੀ ਜ਼ਮੀਨ ’ਤੇ ਕਬਜ਼ਾ ਲੈਣ ਲਈ ਪਹੁੰਚੇ ਸਨ। ਅਬਾਦਕਾਰਾਂ ਨੇ ਕਿਹਾ ਕਿ ਉਹ ਪਿਛਲੇ 40-45 ਸਾਲਾਂ ਤੋਂ ਇਨ੍ਹਾਂ ਜ਼ਮੀਨਾਂ ’ਤੇ ਬੈਠੇ ਹਨ।ਪਿੰਡ ਵਿੱਚ ਗੁਰਦੁਆਰਾ ਤੇ ਸ਼ਮਸ਼ਾਨਘਾਟ ਵੀ ਬਣੇ ਹੋਏ ਹਨ ਤੇ ਪੰਚਾਇਤੀ ਵਿਭਾਗ ਵੱਲੋਂ ਇੰਟਰਲਾਕ ਲਾ ਕੇ ਗਲੀਆਂ ਵੀ ਪੱਕੀਆਂ ਕੀਤੀਆਂ ਹੋਈਆਂ ਹਨ। ਕਿਸਾਨ ਕੁਲਬੀਰ ਸਿੰਘ ਤੇ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇਥੇ 1981 ’ਚ ਆ ਕੇ ਬੈਠਾ ਸੀ। ਇਸ ਪਿੰਡ ਦੇ 16 ਏਕੜ ਹਨ ਜਿਥੇ 30-35 ਪਰਿਵਾਰ ਬੈਠੇ ਹਨ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਮੰਡ ਅਤੇ ਕਿਸਾਨ ਆਗੂ ਸੰਦੀਪ ਅਰੋੜਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ, ਅਮਰ ਸਿੰਘ, ਰਤਨ ਸਿੰਘ ਅਤੇ ਅਜੈਬ ਸਿੰਘ ਨੰਬਰਦਾਰ, ਮਨਜਿੰਦਰ ਮੰਡ, ਗੁਰਚਰਨ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਦਿਲਬਾਗ ਸਿੰਘ ਚੰਦੀ, ਮਨਦੀਪ ਸਿੱਧੂ , ਸਤਨਾਮ ਸਿੰਘ, ਰਾਜਿੰਦਰ ਹੈਪੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰ ਸਿੰਘ ਵਾਲਾ ਤੇ ਬਾਬਾ ਪਲਵਿੰਦਰ ਸਿੰਘ, ਗੁਰਚੇਤਨ ਸਿੰਘ, ਜਸਵੰਤ ਸਿੰਘ, ਕੇਵਲ ਸਿੰਘ ਖਹਿਰਾ, ਲਖਵੀਰ ਸਿੰਘ ਤੇ ਲਸ਼ਮਣ ਸਿੰਘ ਆਦਿ ਹਾਜ਼ਰ ਸਨ।
ਿਵਭਾਗ ਵੱਲੋਂ 30 ਏਕੜ ਜ਼ਮੀਨ ਦਾ ਕਬਜ਼ਾ ਲੈਣ ਦਾ ਦਾਅਵਾ
ਡੀਡੀਪੀਓ ਹਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਪਿੰਡ ਉਮਰੇਵਾਲ ਬਿੱਲੇ ਵਿੱਚ ਜਿਹੜੀ ਪੰਚਾਇਤ ਦੀ ਜ਼ਮੀਨ ਹੈ ਉਸ ਵਿਚੋਂ 30 ਏਕੜ ’ਤੇ ਕਬਜ਼ਾ ਛੁਡਾ ਲਿਆ ਹੈ ਤੇ ਬਾਕੀ ਰਹਿੰਦੀ ਜ਼ਮੀਨ ’ਤੇ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਉਥੇ ਘਰ ਬਣੇ ਹੋਏ ਹਨ। ਉਥੇ ਰਹਿੰਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਾਕੀ ਕਾਰਵਾਈ ਕੀਤੀ ਜਾਵੇਗੀ।