ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਸਤੰਬਰ
ਇੱਥੇ ਪਏ ਭਾਰੀ ਮੀਂਹ ਕਾਰਨ ਸ਼ਹਿਰ ਦਾ ਵਧੇਰੇ ਇਲਾਕਾ ਪਾਣੀ ਨਾਲ ਜਲ-ਥਲ ਹੋ ਗਿਆ। ਮੀਂਹ ਦਾ ਪਾਣੀ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿਚ ਵੀ ਭਰ ਗਿਆ ਸੀ। ਇਸੇ ਤਰ੍ਹਾਂ ਹੈਰੀਟੇਜ ਸਟਰੀਟ ਵੀ ਮੀਂਹ ਦੇ ਪਾਣੀ ਨਾਲ ਭਰ ਗਈ।
ਮਿਲੇ ਵੇਰਵਿਆਂ ਮੁਤਾਬਕ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅੱਜ ਲਗਪਗ 125 ਐਮਐਮ ਬਾਰਸ਼ ਦਰਜ ਕੀਤੀ ਗਈ ਹੈ। ਤਰਨ ਤਾਰਨ ਜ਼ਿਲ੍ਹੇ ਵਿੱਚ 90 ਐਮਐਮ ਬਾਰਸ਼ ਦਰਜ ਕੀਤੀ ਗਈ। ਇਹ ਮੋਹਲੇਧਾਰ ਬਾਰਸ਼ ਲਗਪਗ ਸੱਤ ਤੋਂ ਅੱਠ ਘੰਟੇ ਲਗਾਤਾਰ ਜਾਰੀ ਰਹੀ। ਇਸ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਤੇ ਆਵਾਜਾਈ ਵਿਚ ਵੀ ਵਿਘਨ ਪਿਆ ਹੈ।
ਮੋਹਲੇਧਾਰ ਮੀਂਹ ਅੱਜ ਸਵੇਰੇ ਲਗਭਗ ਛੇ ਵਜੇ ਸ਼ੁਰੂ ਹੋਇਆ ਅਤੇ ਦੁਪਹਿਰ ਦੋ ਵਜੇ ਤੱਕ ਨਿਰੰਤਰ ਜਾਰੀ ਰਿਹਾ, ਇਸ ਤੋਂ ਬਾਅਦ ਵੀ ਮੀਂਹ ਰੁਕ ਰੁਕ ਕੇ ਪੈਂਦਾ ਰਿਹਾ। ਸ਼ਾਮ ਵੇਲੇ ਵੀ ਬੱਦਲਵਾਈ ਬਣੀ ਹੋਈ ਸੀ। ਮੌਸਮ ਵਿਭਾਗ ਮੁਤਾਬਕ ਮੀਂਹ ਪੈਣ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 25.8 ਡਿਗਰੀ ਸੈਲਸੀਅਲ ਰਿਹਾ ਜੋ ਕਿ ਬੀਤੇ ਕੱਲ੍ਹ ਨਾਲੋਂ ਅੱਠ ਡਿਗਰੀ ਘੱਟ ਹੈ।
ਮਿਲੇ ਵੇਰਵਿਆਂ ਮੁਤਾਬਕ ਭਾਰੀ ਮੀਂਹ ਕਾਰਨ ਝੋਨੇ ਦੀ ਪੱਕ ਕੇ ਤਿਆਰ ਖੜ੍ਹੀ ਫਸਲ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਮੀਂਹ ਰੁਕਣ ਤੋਂ ਬਾਅਦ ਭਲਕੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ।