ਭਗਵਾਨ ਦਾਸ ਸੰਦਲ
ਦਸੂਹਾ, 8 ਜਨਵਰੀ
ਇੱਥੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਤਿੰਨ ਰੇਲੱਗਡੀਆਂ- ਜੇਹਲਮ, ਸ਼ਾਲੀਮਾਰ ਤੇ ਜੈਸਲਮੇਰ ਜੰਮੂ ਤਵੀ ਦੇ ਠਹਿਰਾਅ ਨੂੰ ਹਰੀ ਝੰਡੀ ਦਿਖਾਈ ਗਈ। ਇਸ ਸਬੰਧੀ ਸਥਾਨਕ ਰੇਲਵੇ ਸਟੇਸ਼ਨ ’ਤੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੰਜੀਵ ਮਿਨਹਾਸ ਤੇ ਪੰਚਾਇਤੀ ਰਾਜ ਸੈੱਲ ਭਾਜਪਾ ਦੇ ਉਪ ਪ੍ਰਧਾਨ ਵਿਜੇ ਕਾਮਰੇਡ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਦਸੂਹਾ, ਮੁਕੇਰੀਆਂ, ਟਾਂਡਾ, ਹਾਜ਼ੀਪੁਰ, ਤਲਵਾੜਾ, ਗੜ੍ਹਦੀਵਾਲਾ ਸਮੇਤ ਹੋਰ ਸ਼ਹਿਰਾਂ ਅਤੇ ਪਿੰਡਾਂ ਵਿੱਚੋਂ ਭਾਜਪਾ ਆਗੂਆਂ, ਵਰਕਰਾਂ ਤੇ ਆਮ ਲੋਕਾਂ ਨੇ ਸਮੂਲੀਅਤ ਕੀਤੀ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਦਸੂਹਾ ਸਟੇਸ਼ਨ ਉੱਤੇ ਲੋੜੀਂਦੀਆਂ ਟਰੇਨਾਂ ਦੇ ਠਹਿਰਾਅ ਨੂੰ ਯਕੀਨੀ ਬਣਾਇਆ ਗਿਆ ਹੈ ਜਿਸ ਦਾ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ। ਉਨ੍ਹਾਂ ਕੇਂਦਰ ਵੱਲੋਂ ਲੋਕ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਵਿਕਾਸ ਭਾਰਤ ਸੰਕਲਪ ਯਾਤਰਾ ਤਹਿਤ ਲੋੜਵੰਦਾਂ ਨੂੰ ਗੈਸ ਸਿਲੰਡਰ ਤਕਸੀਮ ਕੀਤੇ। ਇਸ ਤੋਂ ਇਲਾਵਾ ਕੇਂਦਰ ਦੀਆਂ ਵੱਖ-ਵੱਖ ਸਕੀਮਾਂ ਦੇ ਫਾਰਮ ਭਰੇ ਗਏ।
ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਘੁੰਮਣ, ਮੁਕੇਰੀਆਂ ਦੇ ਵਿਧਾਇਕ ਜੰਗੀ ਲਾਲ ਮਹਾਜਨ, ਰਘੂਨਾਥ ਰਾਣਾ, ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ, ਦਸੂਹਾ ਕੌਂਸਲ ਦੇ ਪ੍ਰਧਾਨ ਸੁੱਚਾ ਸਿੰਘ ਲੂਫਾ, ਅੰਜਨਾ ਮਿਨਹਾਸ ਤੇ ਮੰਗਲ ਸਿੰਘ ਆਦਿ ਮੌਜੂਦ ਹਨ।