ਪੱਤਰ ਪ੍ਰੇਰਕ
ਸ਼ਾਹਕੋਟ, 18 ਫਰਵਰੀ
ਇਸ ਵਾਰ ਹਲਕੇ ਵਿਚ ਤੀਜੇ ਨੂੰ ਦੇਖਣ ਦੀ ਉੱਠ ਰਹੀ ਆਵਾਜ਼ ਨੇ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਜਦੋਂ ਵੀ ਕਿਸੇ ਨਾਲ ਵੋਟਾਂ ਬਾਬਤ ਕੋਈ ਗੱਲ ਕਰਦਾ ਹੈ ਤਾਂ ਜ਼ਿਆਦਾਤਰ ਵੋਟਰ ਇਹ ਕਹਿੰਦੇ ਹਨ ਕਿ ਕਾਂਗਰਸ ਤੇ ਅਕਾਲੀ ਦਲ ਨੇ ਵਾਰੋ ਵਾਰੀ ਰਾਜ ਭਾਗ ਕਰਕੇ ਵੀ ਕੁਝ ਨਹੀਂ ਸਵਾਰਿਆ। ਇਸ ਕਰਕੇ ਇਸ ਵਾਰ ਤੀਜੀ ਧਿਰ ਨੂੰ ਮੌਕਾ ਦੇ ਕੇ ਉਨ੍ਹਾਂ ਨੂੰ ਪਰਖ ਲੈਣਾ ਚਾਹੀਦਾ ਹੈ। ਅਨੇਕਾਂ ਚੁੱਪ ਵੋਟਰਾਂ ਦਾ ਝੁਕਾਅ ਵੀ ਤੀਜੀ ਧਿਰ ਵੱਲ ਜਾਪਦਾ ਹੈ। ਹਲਕਾ ਸ਼ਾਹਕੋਟ ਵਿਚ ਇਸ ਸਮੇਂ ਕੁੱਲ 11 ਉਮੀਦਵਾਰ ਚੋਣ ਮੈਦਾਨ ਵਿਚ ਹਨ। ਚੋਣਾਂ ਦੇ ਮੁਢਲੇ ਪੜਾਅ ’ਚ ਤਾਂ ਮੁੱਖ ਮੁਕਾਬਲਾ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਬਚਿੱਤਰ ਸਿੰਘ ਕੋਹਾੜ ਦਰਮਿਆਨ ਹੀ ਚੱਲ ਰਿਹਾ ਸੀ। ਜਿਵੇਂ-ਜਿਵੇਂ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਤਿਉਂ-ਤਿਉਂ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵੀ ਇਨ੍ਹਾਂ ਨੂੰ ਟੱਕਰ ਦੇਣ ਲੱਗ ਪਿਆ ਹੈ। ਇਸ ਵਰਤਾਰੇ ਨੇ ਸਪੱਸ਼ਟ ਕਰ ਦਿੱਤਾ ਕਿ ਤੀਜੀ ਧਿਰ ਇਸ ਵਾਰ ਕਾਂਗਰਸ ਤੇ ਅਕਾਲੀ ਦਲ ਦੇ ਕਿਸੇ ਇਕ ਉਮੀਦਵਾਰ ਦੀ ਵੀ ਖੇਡ ਖਰਾਬ ਕਰ ਸਕਦੀ ਹੈ। ਪਰ ਵੋਟਰ ਦਿਲ ਦਾ ਭੇਤ ਨਾ ਦੇ ਕੇ ਕਿਸੇ ਵੀ ਉਮੀਦਵਾਰ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੇ।