ਦੇਸ ਰਾਜ
ਸੁਲਤਾਨਪੁਰ ਲੋਧੀ, 24 ਅਗਸਤ
ਮੰਡ ਖੇਤਰ ਦੇ ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਸਰਕਾਰ ’ਤੇ ਦੋਸ਼ ਲਗਾਇਆ ਕਿ ਬੀਤੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਖੇਤਰ ਵਿੱਚ ਬਿਆਸ ਦਰਿਆ ਰਾਹੀਂ ਵੱਡੀ ਪੱਧਰ ’ਤੇ ਪਾਣੀ ਆ ਗਿਆ ਹੈ ਜਿਸ ਨਾਲ ਸੈਂਕੜੇ ਏਕੜ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਕਈ ਜਾਨਵਰ ਵੀ ਮਰ ਗਏ ਹਨ। ਇਸ ਕਰਕੇ ਖੇਤਰ ਵਿੱਚ ਬਦਬੂ ਫੈਲ ਰਹੀ ਹੈ ਪ੍ਰੰਤੂ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਜਾਂ ਅਧਿਕਾਰੀ ਨੇ ਉਨ੍ਹਾਂ ਦੀ ਅਜੇ ਤੱਕ ਸਾਰ ਨਹੀਂ ਲਈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿਵਾਏ।
ਉਨ੍ਹਾਂ ਕਿਹਾ ਕਿ ਹਿਮਾਚਲ-ਜੰਮੂ-ਕਸ਼ਮੀਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਸਾਤ ਅਤੇ ਬੱਦਲ ਫਟਣ ਕਾਰਨ ਚੱਕੀ ਦਰਿਆ ਦੇ ਟੁੱਟੇ ਰੇਲਵੇ ਪੁਲ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਫਿਰ ਵੱਧ ਗਿਆ ਹੈ ਜਿਸ ਨਾਲ ਸੁਲਤਾਨਪੁਰ ਲੋਧੀ ਮੰਡ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਦਰਿਆ ਦੇ ਦੋਵੇਂ ਕੰਢਿਆਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ, ਕਿਸਾਨਾਂ ਵੱਲੋਂ ਫਸਲਾਂ ਦੀ ਰਾਖੀ ਲਈ ਲਗਾਏ ਗਏ ਚਾਰ ਅਸਥਾਈ ਬੰਨ੍ਹ ਵੀ ਟੁੱਟ ਗਏ ਹਨ, ਜਿਸ ਕਾਰਨ ਹੜ੍ਹ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਸ਼ੇਰਪੁਰ ਡੋਗਰਾਂ, ਮਹੀਂਵਾਲ, ਮੰਡ ਮੁੰਡਾ ਚੌਧਰੀਵਾਲ, ਮੰਡ ਮੁਹੰਮਦਾਬਾਦ, ਬਾਊਪੁਰ, ਸਾਂਗਰਾ, ਪੱਸਣ ਕਦੀਮ, ਸ਼ਾਦੁੱਲਾਪੁਰ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ ‘ਚ ਡੁੱਬ ਗਈ ਹੈ।
ਮੰਡ ਖੇਤਰ ਦੇ ਕਿਸਾਨਾਂ ਨੇ ਦੱਸਿਆ ਕਿ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਣ ਬਾਰੇ ਪ੍ਰਸ਼ਾਸਨ ਨੇ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਅਤੇ ਪਾਣੀ ਖ਼ਤਰਨਾਕ ਰੂਪ ਧਾਰਨ ਕਰ ਰਿਹਾ ਹੈ ਅਤੇ ਹੁਣ ਤੱਕ ਸੈਂਕੜੇ ਏਕੜ ਫ਼ਸਲ ਪਾਣੀ ਦੀ ਲਪੇਟ ਵਿਚ ਆ ਚੁੱਕੀ ਹੈ, ਜਿਸ ਕਾਰਨ ਫ਼ਸਲਾਂ ਦੇ ਪਾਣੀ ਵਿਚ ਡੁੱਬਣ ਤੋਂ ਇਲਾਵਾ ਕਈ ਪਿੰਡਾਂ ਦੇ ਕਿਸਾਨ ਆਪਣੇ ਘਰਾਂ ਤੋਂ ਬਾਹਰ ਆ ਕੇ ਉਚੀਆਂ ਥਾਵਾਂ ’ਤੇ ਪਹੁੰਚ ਗਏ ਹਨ, ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਰੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਹੈ। ਇਸ ਦੇ ਨਾਲ ਹੀ ਹੋਰ ਫਸਲਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਔਖੀ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜਨਾ ਤਾਂ ਦੂਰ ਦੀ ਗੱਲ ਕਿਸੇ ਆਗੂ ਜਾਂ ਅਧਿਕਾਰੀ ਨੇ ਇਲਾਕੇ ਦਾ ਦੌਰਾ ਕਰਨਾ ਵੀ ਮੁਨਾਸਬਿ ਨਹੀਂ ਸਮਝਿਆ ਜਿਸ ਕਾਰਨ ਇਲਾਕਾ ਵਾਸੀਆਂ ’ਚ ਰੋਸ ਹੈ। ਇਸ ਮੌਕੇ ਕਿਸਾਨ ਆਗੂਆਂ ਵਿੱਚ ਅਮਰ ਸਿੰਘ ਮੰਡ, ਹਿੰਮਤ ਸਿੰਘ ਪੰਚ ਮਹੀਂਵਾਲ, ਗੁਰਮੇਜ ਸਿੰਘ ਪੰਚ ਚੌਧਰੀਵਾਲ, ਅਮਰੀਕ ਸਿੰਘ ਸਾਬਕਾ ਪੰਚ, ਹਰਦੀਪ ਸਿੰਘ ਮਹੀਂਵਾਲ, ਮਨਜੀਤ ਸਿੰਘ , ਜਸਬੀਰ ਸਿੰਘ, ਮਲਕੀਤ ਸਿੰਘ, ਮਨਜੀਤ ਸਿੰਘ ਖਿਜਰਪੁਰ ਆਦਿ ਵੀ ਹਾਜ਼ਰ ਸਨ।