ਲਾਜਵੰਤ ਸਿੰਘ
ਨਵਾਂਸ਼ਹਿਰ, 31 ਜਨਵਰੀ
ਦਿੱਲੀ ਦੇ ਸਿੰਘੂ ਬਾਰਡਰ ਤੋਂ ਪੁਲੀਸ ਵੱਲੋਂ ਕਈ ਸੰਗੀਨ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਪਿੰਡ ਕਾਜਮਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 22 ਸਾਲਾ ਨੌਜਵਾਨ ਰਣਜੀਤ ਸਿੰਘ ਦੇ ਮਾਪੇ ਭਾਰੀ ਪ੍ਰੇਸ਼ਾਨੀ ਵਿੱਚ ਹਨ। ਅੱਜ ਜਦੋਂ ਇਸ ਨੌਜਵਾਨ ਦੇ ਮਾਪਿਆਂ ਦੀ ਮਨੋਦਸ਼ਾ ਦਾ ਪਤਾ ਲਾਉਣ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ ਤਾਂ ਉਸ ਦੀ ਮਾਤਾ ਸਰਬਜੀਤ ਕੌਰ ਗੱਲ ਕਰਦਿਆਂ ਰੋ ਪਈ। ਉਸ ਦੀ ਵੱਡੀ ਭੈਣ ਸੰਦੀਪ ਕੌਰ ਵੀ ਭਾਰੀ ਚਿੰਤਤ ਨਜ਼ਰ ਆਈ।
ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਪੁਲੀਸ ਦੀ ਸ਼ਹਿ ਉੱਤੇ 500-600 ਸ਼ਰਾਰਤੀ ਅਨਸਰਾਂ ਨੇ ਧਰਨੇ ਉੱਤੇ ਬੈਠੇ ਕਿਸਾਨਾਂ ਉੱਪਰ ਪਥਰਾਅ ਕੀਤਾ। ਉਸ ਸਮੇਂ ਪੁਲੀਸ ਉਨ੍ਹਾਂ ਨੂੰ ਰੋਕਣ ਦੀ ਥਾਂ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ। ਜਦੋਂ ਕਿਸਾਨਾਂ ਨੇ ਪਥਰਾਅ ਕਰਨ ਵਾਲੇ ਵਿਅਕਤੀਆਂ ਦਾ ਵਿਰੋਧ ਕੀਤਾ ਤਾਂ ਪੁਲੀਸ ਨੇ ਕਿਸਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਉਲਟਾ ਕਿਸਾਨਾਂ ਉੱਤੇ ਹੀ ਸੰਗੀਨ ਅਪਰਾਧਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਏ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਪੁਲੀਸ ਨੇ ਉਨ੍ਹਾਂ ਦੇ ਲੜਕੇ ਨਾਲ ਧੱਕਾ ਅਤੇ ਨਾਇਨਸਾਫੀ ਕੀਤੀ ਹੈ। ਇਸ ਤਰ੍ਹਾਂ ਕਿਸਾਨੀ ਘੋਲ ਨੂੰ ਦਬਾਇਆ ਨਹੀਂ ਜਾ ਸਕਦਾ। ਉਹ ਰਣਜੀਤ ਸਿੰਘ ਦੇ ਇਨਸਾਫ ਲਈ ਲੜਨਗੇ।
ਇਸ ਤੋਂ ਇਲਾਵਾ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਪਿੰਡ ਕਾਜਮਪੁਰ ਦੇ ਵਾਸੀਆਂ ਨੂੰ ਇਕੱਠੇ ਕਰਕੇ ਦਿੱਲੀ ਧਰਨੇ ਦੇ ਤਾਜਾ ਹਾਲਾਤ ਤੋਂ ਜਾਣੂ ਕਰਵਾਇਆ। ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ ਪਾਖਰ ਸਿੰਘ, ਬੀਬੀ ਗੁਰਬਖਸ਼ ਕੌਰ ਸੰਘਾ, ਪਰਮਜੀਤ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਮੋਦੀ ਸਰਕਾਰ ਉਸ ਦੇ ਏਜੰਟ ਦੀਪ ਸਿੱਧੂ, ਆਰ.ਐੱਸ.ਐੱਸ. ਦੇ ਵਰਕਰ, ਭਾਰਤੀ ਜਨਤਾ ਪਾਰਟੀ, ਸਰਕਾਰ ਦਾ ਖੁਫੀਆ ਤੰਤਰ ਅਤੇ ਦਿੱਲੀ ਪੁਲੀਸ ਹੋਛੇ ਹੱਥਕੰਡੇ ਵਰਤ ਕੇ ਕਿਸਾਨੀ ਘੋਲ ਨੂੰ ਬਦਨਾਮ ਕਰਨ ਦੇ ਯਤਨ ਕਰ ਰਹੀਆਂ ਹਨ ਪਰ ਇਸ ਵਿਚ ਸਰਕਾਰ ਕਾਮਯਾਬ ਨਹੀਂ ਹੋਵੇਗੀ। ਉਨ੍ਹਾਂ ਨੇ ਰਣਜੀਤ ਸਿੰਘ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।