ਪਾਲ ਸਿੰਘ ਨੌਲੀ
ਜਲੰਧਰ, 3 ਅਪਰੈਲ
ਇਥੋਂ ਦੇ ਪਾਪੜੀਆਂ ਬਾਜ਼ਾਰ ’ਚ ਸਰਾਫ਼ ਦੀ ਦੁਕਾਨ ਵਿੱਚੋਂ ਨੌਜਵਾਨ ਪੰਜ ਲੱਖ ਦੀਆਂ ਹੀਰੇ ਤੇ ਸੋਨੇ ਦੀਆਂ ਅੰਗੂਠੀਆਂ ਲੈ ਕੇ ਫਰਾਰ ਹੋ ਗਿਆ। ਇਹ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਦੁਕਾਨ ਦੇ ਮਾਲਕ ਰਮਨ ਕੁਮਾਰ ਨੇ ਦੱਸਿਆ ਕਿ ਨੌਜਵਾਨ ਨੇ ਸਿਰ ’ਤੇ ਟੋਪੀ ਪਹਿਨੀ ਹੋਈ ਸੀ ਤੇ ਮੂੰਹ ’ਤੇ ਮਾਸਕ ਬੰਨ੍ਹਿਆ ਹੋਇਆ ਸੀ। ਉਸ ਨੇ ਆ ਕੇ ਚਾਂਦੀ ਦੇ ਛੱਲੇ ਮੰਗੇ। ਜਦੋਂ ਉਨ੍ਹਾਂ ਨੇ ਛੱਲੇ ਦਿਖਾਏ ਤੇ ਨਾਲ ਹੀ ਉਸ ਨੇ ਅੰਗੂਠੀਆਂ ਖਰੀਦਣ ਦੀ ਗੱਲ ਵੀ ਕੀਤੀ। ਜਦੋਂ ਉਸ ਨੂੰ ਅੰਗੂਠੀਆਂ ਵਾਲਾ ਡੱਬਾ ਦਿਖਾਇਆ ਗਿਆ ਤਾਂ ਉਸ ਨੇ ਚਲਾਕੀ ਨਾਲ ਸੋਨੇ ਤੇ ਹੀਰੇ ਦੀਆਂ ਤਿੰਨ ਅੰਗੂਠੀਆਂ ਕੱਢ ਕੇ ਆਪਣੇ ਪਰਸ ਵਿਚ ਪਾ ਲਈਆਂ ਤੇ ਖਰੀਦੇ ਹੋਏ ਚਾਂਦੀ ਦੇ ਛੱਲਿਆਂ ਦੇ ਪੈਸੇ ਦੇ ਕੇ ਚਲਾ ਗਿਆ।
ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਅੰਗੂਠੀਆਂ ਵਾਲੇ ਡੱਬੇ ਵਿੱਚ ਅੰਗੂਠੀਆਂ ਘੱਟ ਪਾਈਆਂ ਗਈਆਂ। ਉਨ੍ਹਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਮੌਕੇ ’ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ਤੋਂ ਪਤਾ ਲੱਗਾ ਕਿ ਨੌਜਵਾਨ ਨੇ ਕਿਸ ਤਰ੍ਹਾਂ ਘਟਨਾ ਨੂੰ ਅੰਜਾਮ ਦਿੱਤਾ। ਜੀਵਾ ਰਾਮ ਜਿਊਲਰ ਦੇ ਮਾਲਕ ਰਮਨ ਕੁਮਾਰ ਨੇ ਦੱਸਿਆ ਕਿ ਉਹ ਦੁਕਾਨ ’ਤੇ ਇਕੱਲਾ ਸੀ। ਬਜ਼ੁਰਗ ਹੋਣ ਦਾ ਚੋਰ ਨੇ ਫਾਇਦਾ ਉਠਾਇਆ ਤੇ ਮੁੰਦਰੀਆਂ ਲੈ ਕੇ ਫਰਾਰ ਹੋ ਗਿਆ। ਪੁਲੀਸ ਨੇ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਇਸੇ ਦੌਰਾਨ ਸਰਾਫ਼ ਦੇ ਪੁੱਤਰ ਨੇ ਦੱਸਿਆ ਕਿ ਉਹ ਖਾਣਾ ਖਾਣ ਲਈ ਗਿਆ ਹੋਇਆ ਸੀ ਤੇ ਘਟਨਾ ਵੇਲੇ ਉਸ ਦਾ ਪਿਤਾ ਦੁਕਾਨ ’ਤੇ ਮੌਜੂਦ ਸੀ। ਉਨ੍ਹਾਂ ਕਿਹਾ ਕਿ ਇਹ ਮੁੰਦਰੀਆਂ ਕਿਸੇ ਦੀਆਂ ਬਣਾਉਣ ਲਈ ਆਈਆਂ ਹੋਈਆਂ ਸਨ।