ਅਪਰਨਾ ਬੈਨਰਜੀ
ਜਲੰਧਰ, 26 ਅਕਤੂਬਰ
ਲਬਿੀਆ ਦੀ ਤ੍ਰਿਪੋਲੀ ਜੇਲ੍ਹ ਵਿੱਚ ਦੋ ਮਹੀਨੇ ’ਚ ਰਹਿਣ ਮਗਰੋਂ 17 ਭਾਰਤੀ ਵਤਨ ਪਰਤੇ ਹਨ। ਇਨ੍ਹਾਂ ਦੀ ਘਰ ਵਾਪਸੀ 20 ਅਗਸਤ ਨੂੰ ਹੋਈ ਸੀ। ਇਨ੍ਹਾਂ ਨੂੰ ਇਟਲੀ ਵਿੱਚ ਵਧੀਆ ਨੌਕਰੀ ਦਿਵਾਉਣ ਦਾ ਸਬਜ਼ਬਾਗ ਦਿਖਾ ਕੇ ਲਬਿੀਆ ਲਿਜਾਇਆ ਗਿਆ ਜਿੱਥੇ ਇਨ੍ਹਾਂ ’ਤੇ ਤਸ਼ੱਦਦ ਢਾਹਿਆ ਗਿਆ ਜਿਸ ਕਾਰਨ ਇਨ੍ਹਾਂ ਨੂੰ ਮਾਨਸਿਕ ਤਣਾਅ ਵਿਚੋਂ ਲੰਘਣਾ ਪਿਆ। ਇਨ੍ਹਾਂ ਵਿੱਚ ਹਰਿਆਣਾ ਦੇ ਕੁਰੂਕਸ਼ੇਤਰ ਦੇ ਟੇਵਾ ਦਾ ਰਾਹੁਲ ਸ਼ਰਮਾ ਵੀ ਸ਼ਾਮਲ ਸੀ ਜਿਸ ਨੇ ਲੂੰ ਕੰਢੇ ਖੜ੍ਹੇ ਕਰਨ ਵਾਲੀ ਹੱਡਬੀਤੀ ਸੁਣਾਈ ਹੈ।
‘ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਦੱਸਿਆ ਕਿ ਉਹ ਇਥੇ ਹੋਮ ਗਾਰਡ ਵਜੋਂ ਕੰਮ ਕਰਦਾ ਸੀ ਤੇ ਉਸ ਨੂੰ ਇਟਲੀ ਵਿੱਚ ਦੋ ਹਜ਼ਾਰ ਅਮਰੀਕੀ ਡਾਲਰ ਪ੍ਰਤੀ ਮਹੀਨਾ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਉਹ ਅੱਠ ਅਪਰੈਲ ਨੂੰ ਦੁਬਈ ਪੁੱਜਿਆ ਜਿਥੋਂ ਉਸ ਨੂੰ ਬੈਨਗਾਜ਼ੀ ਲਿਆਂਦਾ ਗਿਆ। ਇਥੇ ਉਸ ਨਾਲ ਜਾ ਰਹੇ ਪਾਕਿਸਤਾਨੀ ਨੇ ਦੱਸਿਆ ਕਿ ਇਟਲੀ ਵਿੱਚ ਨੌਕਰੀ ਦੇਣ ਦੇ ਨਾਂ ’ਤੇ ਉਨ੍ਹਾਂ ਨਾਲ ਠੱਗੀ ਮਾਰੀ ਗਈ ਹੈ। ਪਾਕਿਸਤਾਨੀ ਨੌਜਵਾਨ ਨੇ ਦੱਸਿਆ ਕਿ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਜ਼ੁਵਾਰਾ ਦੇ ਮਾਫੀਆ ਕੋਲ ਵੇਚ ਦਿੱਤਾ ਗਿਆ। ਰਾਹੁਲ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਮਹੀਨਿਆਂ ਤੋਂ ਕੱਪੜੇ ਵੀ ਨਹੀਂ ਬਦਲੇ ਤੇ ਨਾ ਹੀ ਨਹਾ ਕੇ ਦੇਖਿਆ। ਉਨ੍ਹਾਂ ਨੂੰ ਜਿਸ ਥਾਂ ’ਤੇ ਰੱਖਿਆ ਗਿਆ ਉਥੇ ਨੇੜੇ ਹੀ ਇਕ ਲੜਕਾ ਏਕੇ 47 ਨਾਲ ਪਹਿਰੇਦਾਰੀ ਕਰਦਾ ਸੀ ਤੇ ਇਥੇ ਰੋਜ਼ਾਨਾ ਹੀ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ ਸਨ।
ਰਾਹੁਲ ਦੇ ਨਾਲ ਜਲੰਧਰ ਦਾ ਅਨਮੋਲ ਸਿੰਘ ਵੀ ਵਤਨ ਪਰਤਿਆ ਹੈ ਅਤੇ ਉਸ ਨੂੰ ਵੀ ਟੇਵਾ ਦੇ ਏਜੰਟ ਮਦਨ ਲਾਲ ਨੇ ਵਿਦੇਸ਼ ਵਿਚ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਸੀ। ਪੁਲੀਸ ਨੇ ਹੁਣ ਮਦਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਨਮੋਲ ਦੀ ਭੈਣ ਰਮਨਦੀਪ ਵੀ ਟੇਵਾ ਵਿੱਚ ਵਿਆਹੀ ਹੋਈ ਹੈ ਜਿਸ ਨੇ ਦੱਸਿਆ ਕਿ ਉਸ ਦੇ ਭਰਾ ਨੇ ਵਾਲ ਕਟਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਕਰ ਕੇ ਉਸ ਨੂੰ ਵਾਲਾਂ ਤੋਂ ਘੜੀਸਿਆ ਜਾਂਦਾ ਸੀ ਤੇ ਉਸ ’ਤੇ ਤਸ਼ੱਦਦ ਕੀਤਾ ਜਾਂਦਾ ਸੀ। ਉਸ ਦੇ ਸਾਰੇ ਸਰੀਰ ’ਤੇ ਛਾਲੇ ਪੈ ਗਏ ਹਨ। ਉਸ ਦਾ ਲਿਵਰ ਤੇ ਕਿਡਨੀ ਖ਼ਰਾਬ ਹੋ ਗਏ ਹਨ ਕਿਉਂਕਿ ਉਨ੍ਹਾਂ ਨੂੰ ਕਈ ਮਹੀਨੇ ਖਾਣ ਨੂੰ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਕੰਧਾਂ ਤੋਂ ਕੁੱਤਿਆਂ ਵਾਂਗ ਬਰੈਡਾਂ ਦੇ ਟੁਕੜੇ ਖਾਣ ਲਈ ਸੁੱਟੇ ਜਾਂਦੇ ਸਨ। ਅਨਮੋਲ ਨਾਲ ਜਦੋਂ ‘ਟ੍ਰਿਬਿਊਨ’ ਵੱਲੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਸ ਕੋਲੋਂ ਚੰਗੀ ਤਰ੍ਹਾਂ ਬੋਲਿਆ ਵੀ ਨਹੀਂ ਗਿਆ ਤੇ ਉਹ ਗੱਲ ਕਰਦਾ ਕਰਦਾ ਕਈ ਵਾਰ ਭੁੱਲ ਵੀ ਜਾਂਦਾ ਸੀ। ਉਹ ਜੇਲ੍ਹ ਦੇ ਪਖਾਨੇ ਵਿੱਚ ਰਾਤ ਨੂੰ ਸ਼ਿਫਟਾਂ ਵਿਚ ਸੌਂਦੇ ਸਨ, ਕਿਉਂਕਿ ਬੰਕਰ ਦੇ ਕਮਰੇ ਵਿਚ ਲੰਮੇ ਪੈਣ ਦੀ ਥਾਂ ਹੀ ਨਹੀਂ ਸੀ।
ਸੰਸਦ ਮੈਂਬਰ ਵਿਕਰਮਜੀਤ ਸਾਹਨੀ ਦੇ ਯਤਨਾਂ ਨਾਲ ਰਿਹਾਈ ਹੋਈ
ਰਾਹੁਲ ਨੇ ਦੱਸਿਆ ਕਿ ਉਨ੍ਹਾਂ ਨਾਲ ਦੇ ਇਕ ਨੌਜਵਾਨ ਨੇ ਫੋਨ ਲੁਕਾ ਕੇ ਰੱਖ ਲਿਆ ਸੀ ਜਿਸ ਤੋਂ ਉਨ੍ਹਾਂ ਨੇ ਇੰਸਟਾਗਰਾਮ ’ਤੇ ਸੰਸਦ ਮੈਂਬਰ ਵਿਕਰਮਜੀਤ ਸਾਹਨੀ ਨਾਲ ਰਾਬਤਾ ਬਣਾਇਆ। ਲਬਿੀਆ ਵਿੱਚ ਭਾਰਤੀ ਦੂਤਾਵਾਸ ਨਾ ਹੋਣ ਕਾਰਨ ਟਿਊਨੇਸ਼ੀਆ ਦੇ ਭਾਰਤੀ ਦੂਤਾਵਾਸ ਦੀ ਮਦਦ ਨਾਲ ਉਹ ਜ਼ੁਵਾਰਾ ਤੋਂ ਭੱਜ ਗਏ। ਉਨ੍ਹਾਂ ਨੇ ਇਕ ਹੋਟਲ ਵਿਚ ਰਾਤ ਗੁਜ਼ਾਰੀ ਜਿਥੇ ਪੁਲੀਸ ਨੇ ਛਾਪਾ ਮਾਰ ਕੇ ਜੇਲ੍ਹ ਭੇਜ ਦਿੱਤਾ ਪਰ ਟਿਊਨੇਸ਼ੀਆ ਦੂਤਾਵਾਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਉਥੋਂ ਆਜ਼ਾਦ ਕਰਵਾਇਆ ਤੇ ਉਹ ਹਵਾਈ ਅੱਡੇ ਤਕ ਲੈ ਕੇ ਗਏ।