ਪੱਤਰ ਪ੍ਰੇਰਕ
ਮੁਕੇਰੀਆਂ, 7 ਅਗਸਤ
ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਅਧੀਨ ਚੱਲ ਰਹੇ ਅਦਾਰੇ ਦਸਮੇਸ਼ ਪਬਲਿਕ ਸਕੂਲ ਵਿੱਚ ਨੰਨ੍ਹੀਆਂ ਬੱਚੀਆਂ ਵੱਲੋਂ ਸਾਉਣ ਦੇ ਮਹੀਨੇ ਵਿੱਚ ‘ਤੀਆਂ’ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਗਤੀਵਿਧੀਆਂ ਪੇਸ਼ ਕੀਤੀਆਂ। ਇਸ ਮੌਕੇ ਵਿਦਿਆਰਥੀਆਂ ਵੱਲੋਂ ਭੰਗੜਾ, ਗਿੱਧਾ, ਕਿੱਕਲੀ ਸਮੇਤ ਹੋਰ ਪੇਸ਼ਕਾਰੀ ਵਿੱਚ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਮੌਕੇ ਲੜਕੀਆਂ ਨੇ ਇੱਕ-ਦੂਜੇ ਦੇ ਮਹਿੰਦੀ ਲਗਾਈ ਅਤੇ ਪੀਂਘਾਂ ਝੂਟਣ ਦਾ ਆਨੰਦ ਮਾਣਿਆ। ਪ੍ਰਿੰਸੀਪਲ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ ਨੇ ਵਿਦਿਆਰਥੀਆਂ ਨੂੰ ਮਨੋਰੰਜਨ ਦੇ ਨਾਲ ਦੇਸ਼ ਵਿੱਚ ਮਨਾਏ ਜਾਂਦੇ ਰੁੱਤਾਂ ਨਾਲ ਸਬੰਧਤ ਤਿਉਹਾਰਾਂ ਬਾਰੇ ਜਾਣਕਾਰੀ ਦਿੱਤੀ।
ਸ਼ਾਹਕੋਟ (ਪੱਤਰ ਪ੍ਰੇਰਕ): ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਤੀਆਂ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਕਮੇਟੀ ਦੇ ਚੇਅਰਮੈਨ ਸ਼ਿਵ ਨਰਾਇਣ ਗੁਪਤਾਨ ਅਤੇ ਪ੍ਰਧਾਨ ਰਾਜੀਵ ਗੁਪਤਾ ਨੇ ਕਿਹਾ ਕਿ ਪੰਜਾਬੀ ਵਿਰਸੇ ਦੀ ਸੰਭਾਲ ਲਈ ਅਜਿਹੇ ਦਿਨ-ਤਿਓਹਾਰ ਮਨਾਉਣੇ ਚਾਹੀਦੇ ਹਨ। ਇਸ ਮੌਕੇ ਔਰਤਾਂ, ਲੜਕੀਆਂ ਅਤੇ ਛੋਟੀਆਂ ਬੱਚੀਆਂ ਨੇ ਤੀਆਂ ਦੇ ਗੀਤ ਗਾਏ, ਪੀਘਾਂ ਝੂਟੀਆਂ ਅਤੇ ਗਿੱਧਾ ਵੀ ਪਾਇਆ। ਇਸ ਮੌਕੇ ਮੰਦਰ ਕਮੇਟੀ ਵੱਲੋਂ ਖਾਣ ਪੀਣ ਦੇ ਪਦਾਰਥਾਂ ਦੇ ਵੱਖ-ਵੱਖ ਪ੍ਰਕਾਰ ਦੇ ਸਟਾਲ ਵੀ ਲਾਏ ਗਏ ਸਨ।
ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਐੱਚਆਰਏ ਲੌਟਸ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੀਆਂ ਅਧਿਆਪਕਾਵਾਂ ਅਤੇ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਇਸ ਸਮਾਗਮ ਵਿੱਚ ਹਿੱਸਾ ਲੈਂਦਿਆਂ ਇੱਕ-ਦੂਸਰੇ ਨੂੰ ਮਹਿੰਦੀ ਲਾਈ ਅਤੇ ਵੱਖ-ਵੱਖ ਖੇਡਾਂ ਦਾ ਆਨੰਦ ਮਾਣਿਆ। ਵਿਦਿਆਰਥਣਾਂ ਨੇ ਗਿੱਧੇ ਨਾਲ ਖ਼ੂਬ ਰੰਗ ਬੰਨ੍ਹਿਆ। ਪ੍ਰਿੰਸੀਪਲ ਡਾ. ਰਜਨੀ ਨੇ ਸਾਰਿਆਂ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਵਿਦਿਆਰਥਣਾਂ ਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।