15 ਤੋਲੇ ਸੋਨੇ ਦੇ ਗਹਿਣ, ਇਕ ਪਿਸਤੌਲ ਸਣੇ ਨਕਦੀ ਉਡਾਈ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 29 ਸਤੰਬਰ
ਪਿੰਡ ਘੁੰਮਣ ਖੁਰਦ ਵਿੱਚ ਚਿੱਟੇ ਦਿਨ ਚੋਰਾਂ ਨੇ ਇਕ ਘਰ ਦੇ ਜਿੰਦਰੇ ਤੋੜ ਕੇ ਇਕ ਲਾਇਸੈਂਸੀ ਪਿਸਤੌਲ, 15 ਤੋਲੇ ਸੋਨੇ ਦੇ ਗਹਿਣੇ ਅਤੇ 8 ਹਜ਼ਾਰ ਰੁਪਏ ਦੀ ਨਕਦੀ ਚੋਰੀ ਲਈ। ਜਾਣਕਾਰੀ ਅਨੁਸਾਰ ਘਰ ਦਾ ਮਾਲਕ ਵਰਿਆਮ ਸਿੰਘ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਪਿੱਛੋਂ ਉਸ ਦੀ ਪਤਨੀ ਗੁਰਮੀਤ ਕੌਰ ਪਰਿਵਾਰ ਸਣੇ ਘਰ ਵਿੱਚ ਰਹਿੰਦੀ ਹੈ। ਗੁਰਮੀਤ ਕੌਰ ਨੇ ਦੱਸਿਆ ਉਹ ਅੱਜ 12 ਵਜੇ ਆਪਣੇ ਘਰ ਨੂੰ ਜਿੰਦਰਾ ਲਗਾ ਕੇ ਨੇੜੇ ਕਿਸੇ ਦੇ ਘਰ ਪਾਠ ਦੇ ਭੋਗ ਸਮਾਗਮ ਵਿੱਚ ਚੱਲੇ ਗਏ ਸਨ। ਜਦੋਂ ਉਹ ਲਗਪਗ ਡੇਢ ਵਜੇ ਘਰ ਵਾਪਸ ਆਏ ਤਾਂ ਘਰ ਦੇ ਗੇਟ ਦਾ ਤਾਲਾ ਟੁੱਟਾ ਹੋਇਆ ਸੀ। ਅੰਦਰ ਜਾ ਕੇ ਦੇਖਿਆ ਤਾਂ ਸਾਰੇ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ। ਸਟੋਰ ਵਾਲੇ ਕਮਰੇ ਵਿੱਚ ਰੱਖੀ ਪੇਟੀ ਵਿਚਲਾ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਉਸ ਵਿੱਚ ਰੱਖਿਆ ਇਕ ਲਾਇਸੈਂਸੀ ਪਿਸਟਲ, ਸੋਨੇ ਦਾ ਕੈਂਠਾ, ਦੋ ਚੂੜੀਆਂ ਅਤੇ ਇਕ ਹਾਰ (ਲਗਪਗ 15 ਤੋਲੇ ਸੋਨਾ) ਗਾਇਬ ਸੀ। ਇਸ ਸਬੰਧੀ ਥਾਣਾ ਘੁੰਮਣ ਕਲਾਂ ਦੇ ਮੁਖੀ ਸੁਖਜੀਤ ਸਿੰਘ ਰਿਆੜ ਨੇ ਦੱਸਿਆ ਕਿ ਗੁਰਮੀਤ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਕੈਪਸ਼ਨ : ਚੋਰਾਂ ਵੱਲੋਂ ਖਿਲਾਰਿਆ ਹੋਇਆ ਸਾਮਾਨ।