ਭਗਵਾਨ ਦਾਸ ਸੰਦਲ
ਦਸੂਹਾ, 27 ਜਨਵਰੀ
ਇਥੇ ਲੰਘੀ ਰਾਤ ਚੋਰਾਂ ਨੇ ਸ਼ਹਿਰ ਦੀਆਂ 5 ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਸ ਕਾਰਨ ਦੁਕਾਨਦਾਰਾਂ ਵਿੱਚ ਪੁਲੀਸ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਲੰਘੀ ਰਾਤ ਚੋਰਾਂ ਨੇ ਮਿਸ਼ਨ ਰੋਡ ਦੇ ਸਲਗੌਤਰਾ ਮੈਡੀਕਲ ਸਟੋਰ ਦੇ ਤਾਲੇ ਤੋੜ ਕੇ ਕਰੀਬ 48 ਹਜ਼ਾਰ ਦੀ ਨਗਦੀ, ਗੁਰੂ ਨਾਨਕ ਮਾਰਕੀਟ ਦੇ ਕੋਮਲ ਟੈਲੀਕੌਮ ਤੋਂ ਇੱਕ ਲੈਪਟਾਪ ’ਤੇ 9 ਹਜ਼ਾਰ ਦੀ ਨਗਦੀ ਚੋਰੀ ਕਰ ਲਈ। ਇਸ ਤੋਂ ਇਲਾਵਾ ਚੋਰਾਂ ਵੱਲੋਂ ਮੇਨ ਬਜ਼ਾਰ ‘ਚ ਛੋਟੂ ਮਨਿਆਰੀ ਸਟੋਰ, ਚੱਢਾ ਮਨਿਆਰੀ ਸਟੋਰ ਤੇ ਰਿੰਕਾ ਪੇਂਟ ਸਟੋਰ ਕਸਬਾ ਦੇ ਸ਼ੱਟਰਾਂ ਦੇ ਵੀ ਤਾਲੇ ਤੋੜੇ ਜਾਣ ਦੀ ਖ਼ਬਰ ਹੈ। ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੂੰ ਨਾਲ ਲੈ ਕੇ ਪੀੜਤ ਦੁਕਾਨਦਾਰਾਂ ਦੀਆਂ ਦੁਕਾਨਾਂ ਦਾ ਦੋਰਾ ਕੀਤਾ ਅਤੇ ਸੀਸੀਟੀਟੀ ਫੁਟੇਜ ਤੋਂ ਨਕਾਬਪੋਸ਼ ਚੋਰਾਂ ਦੀਆਂ ਫੋਟੋਆਂ ਹਾਸਲ ਕੀਤੀਆਂ। ਵਪਾਰ ਮੰਡਲ ਦੇ ਵਫਦ ਨੇ ਪੁਲੀਸ ਤੋਂ ਰਾਤ ਵੇਲੇ ਗਸ਼ਤ ਵਧਾਉਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇ ਇਲਾਕੇ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਨਾ ਪਈ ਤਾਂ ਬਾਜ਼ਾਰ ਬੰਦ ਕਰਕੇ ਪੁਲੀਸ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਟਾਂਡਾ(ਪੱਤਰ ਪ੍ਰੇਰਕ): ਇਥੋਂ ਨੇੜਲੇ ਪਿੰਡ ਖੁੱਡਾ ਵਿਚ ਲੰਘੀ ਰਾਤ ਚੋਰਾਂ ਨੇ ਸੈਣੀ ਟੈਲੀਕਾਮ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਨਗਦੀ ਅਤੇ ਲੈਪਟੌਪ ਚੋਰੀ ਕਰ ਲਿਆ। ਦੁਕਾਨ ਦੇ ਮਾਲਕ ਵਰਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਜੀਆਨੱਥਾ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਕਰੀਬ ਦੋ ਲੱਖ ਰੁਪਏ ਅਤੇ ਇਕ ਲੈਪਟੌਪ ਚੋਰੀ ਕਰ ਲਿਆ। ਟਾਂਡਾ ਪੁਲੀਸ ਨੇ ਮਾਮਲਾ ਦਰਜ ਕਰਕੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਵਿੱਚ ਕੈਦ ਹੋਏ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਫਗਵਾੜਾ ਵਿੱਚ ਕਰਿਆਨੇ ਦੀ ਦੁਕਾਨ ’ਚ ਚੋਰੀ
ਫਗਵਾੜਾ(ਪੱਤਰ ਪ੍ਰੇਰਕ): ਇਥੇ ਮੰਡੀ ਰੋਡ ’ਤੇ ਕਰਿਆਨਾ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਲੁਟੇਰਾ ਹਜ਼ਾਰਾ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਗੁਪਤਾ ਟਰੇਡਿੰਗ ਕੰਪਨੀ ਦੇ ਮਾਲਕ ਹਰਸ਼ ਗੁਪਤਾ ਨੇ ਦੱਸਿਆ ਕਿ ਉਹ ਸ਼ਾਮ ਸਮੇਂ ਆਪਣੀ ਦੁਕਾਨ ਦੇ ਬਾਹਰੋਂ ਸਾਮਾਨ ਇਕੱਠਾ ਕਰਕੇ ਰੱਖ ਰਿਹਾ ਸੀ ਤਾਂ ਏਨੇ ਨੂੰ ਇੱਕ ਵਿਅਕਤੀ ਆਰਾਮ ਨਾਲ ਆਇਆ ਤੇ ਕਰੀਬ 45 ਹਜ਼ਾਰ ਰੁਪਏ ਦੀ ਨਕਦੀ ਜੋ ਗੱਲੇ ’ਚ ਪਈ ਸੀ ਉਸ ਨੂੰ ਚੁੱਕ ਕੇ ਲੈ ਗਿਆ। ਘਟਨਾ ਸਬੰਧੀ ਸਿਟੀ ਪੁਲੀਸ ਨੂੰ ਸੂਚਨਾ ਦਿੱਤੀ ਗਈ।ਦੁਕਾਨ ਮਾਲਕ ਨੇ ਦੱਸਿਆ ਕਿ ਪਹਿਲਾ ਵੀ ਉਸਦੀ ਦੁਕਾਨ ਦੇ ਬਾਹਰੋਂ ਘਿਉ ਦੀ ਪੇਟੀ ਚੋਰੀ ਹੋ ਚੁੱਕੀ ਹੈ ਤੇ ਉਸਦੀ ਦਰਖਾਸਤ ਵੀ ਪੁਲੀਸ ਨੂੰ ਦਿੱਤੀ ਹੈ ਪਰ ਉਸ ’ਚ ਕੋਈ ਵੀ ਕਾਰਵਾਈ ਨਹੀਂ ਹੋਈ।