ਜਸਬੀਰ ਸਿੰਘ ਚਾਨਾ
ਫਗਵਾੜਾ, 30 ਮਾਰਚ
ਬਿਹਾਰ ਤੋਂ ਬਿਆਸ ਜਾ ਰਹੇ ਟਰੱਕ ਡਰਾਈਵਰ ਤੇ ਕਲੀਨਰ ਦੀ ਕਥਿਤ ਹੱਤਿਆ ਕਰਨ ਵਾਲੇ ਗਰੋਹ ਦਾ ਸਤਨਾਮਪੁਰਾ ਪੁਲੀਸ ਤੇ ਸੀਆਈਏ ਸਟਾਫ਼ ਨੇ ਪਰਦਾਫ਼ਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਟਰੱਕ, ਟਰਾਲਾ ਤੇ ਅਸਲਾ ਬਰਾਮਦ ਕੀਤਾ ਹੈ। ਅੱਜ ਇੱਥੇ ਡੀ.ਐੱਸ.ਪੀ. ਦਫ਼ਤਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਜਲੰਧਰ ਰੇਂਜ ਦੇ ਆਈਜੀ ਰਣਬੀਰ ਸਿੰਘ ਖੱਟੜਾ ਤੇ ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਕੇ ਘਟਨਾ ’ਚ ਵਰਤਿਆ ਟਰੱਕ, ਖੋਹਿਆ ਹੋਇਆ ਟਰੱਕ, ਇੱਕ ਪਿਸਤੌਲ, 27 ਕਾਰਤੂਸ, ਲੋਹੇ ਦੇ ਐਂਗਲ, ਇੱਕ ਕਿਰਚ, ਦੋ ਜੋੜੇ ਟਾਇਰ, ਰਿੰਮ, ਦੋ ਬੈਟਰੀਆਂ ਤੇ ਟੂਲ ਕਿੱਟ ਬਰਾਮਦ ਕੀਤੇ ਹਨ। ਲੁਟੇਰਿਆਂ ਦੀ ਪਛਾਣ ਹਰਜੋਤ ਸਿੰਘ ਵਾਸੀ ਪਿੰਡ ਫ਼ਤਿਹਪੁਰ (ਥਾਣਾ ਜੰਡਿਆਲਾ ਗੁਰੂ) ਅੰਮ੍ਰਿਤਸਰ, ਅਮਨਦੀਪ ਉਰਫ਼ ਅਮਨ ਦਾਣਾ ਵਾਸੀ ਪਿੰਡ ਘਣੂਪੁਰ ਕਾਲੇਂ (ਥਾਣੇ ਛੇਹਰਟਾ) ਅੰਮ੍ਰਿਤਸਰ ਤੇ ਫ਼ਤਿਹ ਸਿੰਘ ਉਰਫ਼ ਫੱਤਾ ਉਰਫ਼ ਮਾਣਾ ਉਰਫ਼ ਜੋਗੀ ਵਾਸੀ ਪਿੰਡ ਘਰਿਆਲਾ (ਥਾਣਾ ਪੱਟੀ) ਤਰਨ ਤਾਰਨ ਹਾਲ ਵਾਸੀ ਦਾਣਾ ਮੰਡੀ ਪਿੰਕ ਕਾਲੋਨੀ ਪੱਟੀ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਖੋਹਿਆ ਟਰੱਕ (ਪੀ.ਬੀ.65. ਏ.ਆਰ. 8683) ਦਾ ਮਾਲਕ ਮਲਕੀਅਤ ਸਿੰਘ ਵਾਸੀ ਕਾਨਪੁਰ ਥਾਣਾ ਚਮਕੌਰ ਸਾਹਿਬ (ਰੋਪੜ) ਹੈ। ਟਰੱਕ ਦੇ ਜਿਸ ਡਰਾਈਵਰ ਦੀ ਹੱਤਿਆ ਕੀਤੀ ਗਈ ਹੈ ਉਸ ਦੀ ਪਛਾਣ ਰੂਪ ਚੰਦ ਪੁੱਤਰ ਅਕਲ ਯਾਦਵ ਤੇ ਮਾਰੇ ਗਏ ਕਲੀਨਰ ਦੀ ਪਛਾਣ ਵਿਨੈ ਕੁਮਾਰ ਪੁੱਤਰ ਯੋਗੇਸ਼ਵਰ ਯਾਦਵ, ਦੋਨੋਂ ਵਾਸੀ ਗਯਾ (ਬਿਹਾਰ) ਵਜੋਂ ਹੋਈ ਹੈ। ਡਰਾਈਵਰ ਤੇ ਕਲੀਨਰ 14 ਮਾਰਚ ਨੂੰ ਜਮਸ਼ੇਦਪੁਰ, ਝਾਰਖੰਡ ਤੋਂ ਲੋਹੇ ਦੇ ਐਗਲਾਂ ਦਾ ਭਰਿਆ ਟਰੱਕ ਲੈ ਕੇ ਰਾਧਾ ਸੁਆਮੀ ਡੇਰਾ ਬਿਆਸ ਲਈ ਆ ਰਹੇ ਸਨ। ਇਨ੍ਹਾਂ ਨੇ ਰਸਤੇ ’ਚ ਕੁਝ ਸਾਮਾਨ ਲੁਧਿਆਣਾ ਉਤਾਰ ਦਿੱਤਾ ਅਤੇ ਜਦੋਂ ਉਹ ਬਿਆਸ ਲਈ ਰਵਾਨਾ ਹੋਏ ਤਾਂ ਫ਼ਿਲੌਰ ਰੁਕ ਗਏ।
ਗਰੋਹ ਦੇ ਸਰਗਨਾ ਹਰਜੋਤ ਸਿੰਘ ਨੇ ਆਪਣਾ ਟਰੱਕ ਕਿਸ਼ਤਾਂ ’ਤੇ ਖਰੀਦਿਆ ਹੋਇਆ ਸੀ। ਉਸ ਦੇ ਦੋ ਸਾਥੀ ਅਮਨ ਤੇ ਫ਼ਤਿਹ ਕਿਸੇ ਕੇਸ ’ਚ ਜੰਮੂ ਜੇਲ੍ਹ ’ਚ ਬੰਦ ਸਨ। ਹਰਜੋਤ ਸਿੰਘ ਨੇ ਇਨ੍ਹਾਂ ਦੀ ਜ਼ਮਾਨਤ ਇਸ ਸ਼ਰਤ ’ਤੇ ਕਰਵਾਈ ਸੀ ਕਿ ਉਹ ਬਾਹਰ ਆ ਕੇ ਟਰੱਕ ਦੀਆਂ ਕਿਸ਼ਤਾਂ ਦੇਣ ਲਈ ਲੋਹਾ ਲਿਜਾ ਰਹੇ ਟਰੱਕ ਨੂੰ ਲੁੱਟ ਕੇ ਲੋਹਾ ਵੇਚਣਗੇ। ਇਸੇ ਸਕੀਮ ਤਹਿਤ ਉਹ ਆਪਣਾ ਟਰੱਕ ਲੈ ਕੇ ਅੰਮ੍ਰਿਤਸਰ ਤੋਂ ਲੁਧਿਆਣਾ ਵੱਲ ਨੂੰ ਲੁੱਟ ਦੀ ਨੀਅਤ ਨਾਲ ਤੁੱਰ ਤੁਰ ਪਏ। ਜਦੋਂ ਉਹ ਫ਼ਿਲੌਰ ਦੇ ਲਾਗੇ ਪੁੱਜੇ ਤਾਂ ਉੱਥੇ ਇਨ੍ਹਾਂ ਨੂੰ ਉਕਤ ਟਰੱਕ ਖੜ੍ਹਾ ਦਿਖਾਈ ਦਿੱਤਾ। ਇਨ੍ਹਾਂ ’ਚੋਂ ਦੋ ਜਣੇ ਟਰੱਕ ਦੇ ਅੰਦਰ ਚੜ੍ਹ ਗਏ ਤੇ ਟਰੱਕ ਚਾਲੂ ਕਰਕੇ ਫਗਵਾੜਾ ਵੱਲ ਨੂੰ ਤੋਰ ਲਿਆ। ਇਨ੍ਹਾਂ ਮੁਲਜ਼ਮਾਂ ਨੇ ਫ਼ਿਲੌਰ ਵਿੱਚ ਹੀ ਡਰਾਈਵਰ ਰੂਪ ਚੰਦ ਨੂੰ ਗੋਲੀ ਮਾਰ ਦਿੱਤੀ ਤੇ ਜਦੋਂ ਉਹ ਫਗਵਾੜਾ ਦੇ ਪਿੰਡ ਸਪਰੋੜ ਲਾਗੇ ਪੁੱਜੇ ਤਾਂ ਉਸ ਨੂੰ ਟਰੱਕ ’ਚੋਂ ਹੇਠਾਂ ਸੁੱਟਿਆ ਜਿਸ ਤੋਂ ਬਾਅਦ ਡਰਾਈਵਰ ਦੇ ਸਿਰ ’ਚ ਇੱਕ ਗੋਲੀ ਹੋਰ ਮਾਰ ਦਿੱਤੀ ਤੇ ਉਸ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਵੱਲ ਰਵਾਨਾ ਹੋਏ ਤੇ ਰਸਤੇ ’ਚ ਕਲੀਨਰ ਨੂੰ ਗੱਲਾ ਘੁੱਟ ਕੇ ਉਸ ਨੂੰ ਲਿੱਧੜਾ ਲਾਗੇ ਨਾਲੇ ’ਚ ਸੁੱਟ ਦਿੱਤਾ ਤੇ ਟਰੱਕ ’ਚ ਪਈ ਕਿਰਚ ਨਾਲ ਉਸ ਦੇ ਗਲੇ ’ਤੇ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ ਤੇ ਟਰੱਕ ਲੈ ਕੇ ਉਹ ਬਟਾਲਾ ਵੱਲ ਰਵਾਨਾ ਹੋ ਗਏ।
ਟੌਲ ਪਲਾਜ਼ਾ ਕੈਮਰਿਆਂ ਦੀ ਫੁਟੇਜ ਕਾਰਨ ਗ੍ਰਿਫ਼ਤਾਰੀਆਂ ਸੰਭਵ ਹੋਈਆਂ
ਸਤਨਾਮਪੁਰਾ ਪੁਲੀਸ ਤੇ ਥਾਣਾ ਮਕਸੂਦਾ ਪੁਲੀਸ ਨੇ ਲਾਸ਼ਾਂ ਬਰਾਮਦ ਕਰਨ ਤੋਂ ਬਾਅਦ ਧਾਰਾ 302 ਤੇ ਹੋਰ ਧਾਰਾਵਾਂ ਸਮੇਤ ਕੇਸ ਦਰਜ ਕੀਤਾ ਸੀ ਤੇ ਟੋਲ ਪਲਾਜ਼ਿਆਂ ’ਤੇ ਲੱਗੇ ਕੈਮਰਿਆਂ ਨੂੰ ਖੰਗਾਲਿਆ ਗਿਆ। ਇਸ ਦੌਰਾਨ ਪੱਤਾ ਲੱਗਾ ਕਿ ਇਹ ਟਰੱਕ ਬਟਾਲਾ ਬਾਈਪਾਸ ਲੰਘ ਕੇ ਇੱਕ ਢਾਬੇ ’ਤੇ ਰੁਕਿਆ ਰਿਹਾ ਜਿਥੇ ਮੁਲਜ਼ਮਾਂ ਨੇ ਰਾਤ ਗੁਜਾਰੀ। ਇਹ ਟਰੱਕ ਬਾਅਦ ’ਚ ਖ਼ਾਲੀ ਪਲਾਟ ਨਜ਼ਦੀਕ ਖੜ੍ਹਾ ਕਰ ਦਿੱਤਾ ਗਿਆ। ਪੁਲੀਸ ਨੇ ਲੋਹਾ ਬਟਾਲਾ ਤੋਂ ਅੱਗੇ ਧਾਲੀਵਾਲ ਨਜ਼ਦੀਕ ਪੈਂਦੇ ਇਕ ਪਿੰਡ ’ਚ ਬਣ ਰਹੇ ਬੇਆਬਾਦ ਪੈਲੇਸ ’ਚੋਂ ਬਰਾਮਦ ਕੀਤਾ। ਪੁਲੀਸ ਨੇ ਜਾਂਚ ਕਰਕੇ ਮੁਲਜ਼ਮਾਂ ਨੂੰ ਬੀਤੀ ਸ਼ਾਮ ਚਹੇੜੂ ਲਾਗਿਉਂ ਕਾਬੂ ਕੀਤਾ। ਪੁਲੀਸ ਅਨੁਸਾਰ ਅਮਨਦੀਪ ਦੇ ਖਿਲਾਫ਼ ਪਹਿਲਾਂ ਵੀ ਥਾਣਾ ਸਾਂਬਾ (ਜੰਮੂ) ਵਿੱਚ ਧਾਰਾ 353, 186 ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਹੈ। ਫ਼ਤਿਹ ਸਿੰਘ ਉਰਫ਼ ਫੱਤਾ ਦੇ ਖਿਲਾਫ਼ ਵੀ ਧਾਰਾ 379, 411 ਤੇ 457, 380 ਤਹਿਤ ਵੱਖ ਵੱਖ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਤਿੰਨੋਂ ਵਿਅਕਤੀ ਨਸ਼ੇ ਦੇ ਆਦੀ ਹਨ।