ਜਸਬੀਰ ਸਿੰਘ ਚਾਨਾ
ਫਗਵਾੜਾ, 30 ਜੂਨ
ਇੱਥੋਂ ਦੀ ਸਿਟੀ ਪੁਲੀਸ ਨੇ 14 ਜੂਨ ਦੀ ਰਾਤ ਨੂੰ ਪਟੇਲ ਨਗਰ ’ਚ ਰਹਿੰਦੇ ਸਨਅਤਕਾਰ ਦੇ ਘਰ ਰਹਿੰਦੇ ਨੇਪਾਲੀ ਨੌਕਰ ਵੱਲੋਂ ਬੇਹੋਸ਼ੀ ਦੀ ਦੁਆਈ ਖੁਆ ਕੇ ਕੀਤੀ ਵੱਡੀ ਲੁੱਟ ਦੇ ਸਬੰਧ ’ਚ ਪੁਲੀਸ ਨੇ ਤਿੰਨ ਜਣਿਆਂ ਨੂੰ ਨੇਪਾਲ ਸਰਹੱਦ ਤੋਂ ਫੜ ਕੇ ਉਨ੍ਹਾਂ ਕੋਲੋਂ ਨਗਦੀ, ਪਿਸਤੌਲ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ।
ਐਸਐਸਪੀ ਰਾਜਪਾਲ ਸਿੰਘ ਤੇ ਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਜੂ ਨੇਪਾਲੀ ਨੇ ਆਪਣੇ ਅੱਠ ਸਾਥੀਆਂ ਸਣੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਰਾਜੂ ਨੇ ਘਰ ਦੇ ਮਾਲਕ ਅਜੀਤ ਸਿੰਘ ਵਾਲੀਆ, ਉਸ ਦੀ ਪਤਨੀ ਰਵਿੰਦਰ ਕੌਰ ਤੇ ਮਾਤਾ ਸਵਰਨ ਕੌਰ ਸਣੇ ਬਾਕੀਆਂ ਨੂੰ ਦਾਲ ’ਚ ਜ਼ਹਿਰੀਲੀ ਚੀਜ਼ ਖੁਆ ਕੇ ਬੇਹੋਸ਼ ਕਰ ਦਿੱਤਾ ਤੇ ਕਰੀਬ 80 ਲੱਖ ਰੁਪਏ ਦੀ ਨਗਦੀ ਤੇ ਦੋ ਕਿਲੋ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ ਸਨ।
ਐਸਐਚਓ ਸਿਟੀ ਅਮਨਦੀਪ ਨਾਹਰ ਦੀ ਅਗਵਾਈ ’ਚ ਪੁਲੀਸ ਪਾਰਟੀ ਯੂਪੀ ਤੇ ਨੇਪਾਲ ਬਾਰਡਰ ’ਤੇ ਗਈ ਸੀ ਜਿੱਥੇ ਉਨ੍ਹਾਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ’ਚ ਸੁਖਵੀਸ ਸਨਾਰ ਪੁੱਤਰ ਲਾਲ ਬਹਾਦਰ ਸੁਨਾਰ ਵਾਸੀ ਲੇਖ ਗਾਊ ਏਕ ਨੇਪਾਲ, ਵਿਨੋਦ ਕਮਲ ਸ਼ਾਹੀ ਪੁੱਤਰ ਕਾਲੀ ਸ਼ਾਹ ਵਾਸੀ ਉੱਤਰ ਗੰਗਾ ਤੇ ਜਗਤ ਬਹਾਦਰ ਪੁੱਤਰ ਬੀਰ ਬਹਾਦਰ ਸ਼ਾਹ ਵਾਸੀ ਨੇਪਾਲ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ 6 ਲੱਖ 10 ਹਜ਼ਾਰ ਰੁਪਏ ਨਗਦੀ, ਚਾਰ ਮੋਬਾਈਲ ਫੋਨ, ਨੇਪਾਲੀ ਕਰੰਸੀ ਤੇ ਪਿਸਤੌਲ ਬਰਾਮਦ ਕੀਤਾ ਹੈ। ਪੁਲੀਸ ਵਲੋਂ ਬਾਕੀ ਪੰਜ ਮੁਲਜ਼ਮਾਂ ਕੁੱਕ ਰਾਜੂ ਨੇਪਾਲੀ, ਵਰਿੰਦਰ, ਉਪਿੰਦਰ ਸ਼ਾਹੀ, ਤਿਲਕ ਰਾਜ ਚੌਧਰੀ ਦੀ ਭਾਲ ਜਾਰੀ ਹੈ।
ਪੁਲੀਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਸੱਤ ਰੋਜ਼ਾ ਰਿਮਾਂਡ ਹਾਸਲ ਕਰ ਲਿਆ ਹੈ।