ਸਰਬਜੀਤ ਗਿੱਲ
ਫਿਲੌਰ, 29 ਅਕਤੂਬਰ
ਸਥਾਨਕ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਅਸਲੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਮੁਲਜ਼ਮਾਂ ਵਿੱਚੋਂ ਦੋ ਨੂੰ ਕਮਾਦ ਦੇ ਖੇਤਾਂ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤਿੰਨੋਂ ਰਾਹਗੀਰਾਂ ਕੋਲੋਂ ਲੁੱਟਾਂ-ਖੋਹਾਂ ਕਰਦੇ ਸਨ। ਇਸ ਸਬੰਧੀ ਪੁਲੀਸ ਕਪਤਾਨ (ਇਨਵੈਸਟੀਗੇਸ਼ਨ) ਜਲੰਧਰ ਦਿਹਾਤੀ ਸਰਬਜੀਤ ਸਿੰਘ ਬਾਹੀਆ ਅਤੇ ਡੀਐੱਸਪੀ ਫਿਲੌਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਕਮਾਦ ਦੇ ਖੇਤਾਂ ਵਿੰਚ ਲੁਕੇ ਹੋਏ ਹਨ, ਜਿਨ੍ਹਾਂ ਕੋਲ ਹਥਿਆਰ ਵੀ ਹਨ।
ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਲੋਕਾਂ ਦੀ ਮਦਦ ਨਾਲ ਦੋਵੇਂ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਚਰਨ ਥਾਣਾ ਸਦਰ ਨਵਾਂ ਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਅਰਸ਼ਦੀਪ ਸਿੰਘ ਉਰਫ ਅਰਸ਼ ਨੂੰ ਕਾਬੂ ਕਰ ਲਿਆ ਅਤੇ ਮੁਲਜ਼ਮਾਂ ਪਾਸੋਂ ਦੋ ਪਿਸਤੌਲ 32 ਬੋਰ, ਦੋ ਮੈਗਜ਼ੀਨ ਚਾਰ ਰੌਂਦ ਅਤੇ ਇੱਕ ਖੋਹ ਹੋਈ ਕਾਰ ਬਰਾਮਦ ਕੀਤੀ। ਖੇਤਾਂ ਵਿੱਚੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਮਦਦ ਕਰਨ ਵਾਲੇ ਵਿਅਕਤੀ ਵਰਿੰਦਰ ਉਰਫ ਟੋਨੀ ਵਾਸੀ ਪਿੰਡ ਲਸਾੜਾ, ਥਾਣਾ ਫਿਲੌਰ, ਜ਼ਿਲ੍ਹਾ ਜਲੰਧਰ ਨੂੰ ਵੀ ਇੱਕ ਆਈ-20 ਕਾਰ ਸਮੇਤ ਕਾਬੂ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਕੋਲੋਂ ਕਾਫੀ ਖੁਲਾਸੇ ਹੋਣ ਦੀ ਸੰਭਾਵਨਾ ਹੈ।