ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਸਤੰਬਰ
ਦਿਹਾਤੀ ਪੁਲੀਸ ਨੇ ਰਵੀ ਬਲਾਚੌਰੀਆ ਉਰਫ ਰਵੀ ਗੁਜਰ ਗਰੋਹ ਦੇ ਤਿੰਨ ਸ਼ੂਟਰਾਂ ਨੂੰ ਤਿੰਨ ਪਿਸਤੌਲਾਂ, 10 ਕਾਰਤੂਸਾਂ ਅਤੇ 40 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐੱਸਪੀ (ਜਾਂਚ) ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਕਰਾਇਮ ਬ੍ਰਾਂਚ ਦੀ ਸਪੈਸ਼ਲ ਪੁਲੀਸ ਪਾਰਟੀ ਨੇ ਦਿਆਲਪੁਰ ਤੋਂ ਜਾਂਦੀ ਸਰਵਿਸ ਰੋਡ ’ਤੇ ਹਾਇਟੈਕ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਪੈਦਲ ਆਉਂਦਾ ਹੋਇਆ ਇੱਕ ਨੌਜਵਾਨ ਪੁਲੀਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਜੇਬ ਵਿੱਚੋਂ ਮੋਮੀ ਲਿਫਾਫਾ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤਾ। ਪੁਲੀਸ ਵੱਲੋਂ ਫੜੇ ਗਏ ਇਸ ਮੁਲਜ਼ਮ ਦੀ ਪਛਾਣ ਦਿਲਬਾਗ ਸਿੰਘ ਉਰਫ ਬਾਗਾ ਵਾਸੀ ਛੋਟਾ ਬੁੱਢਾ ਥੇਹ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ। ਦਿਲਬਾਗ ਸਿੰਘ ਵੱਲੋਂ ਸੁੱਟੇ ਗਏ ਮੋਮੀ ਲਿਫਾਫੇ ਨੂੰ ਜਦੋਂ ਚੈੱਕ ਕੀਤਾ ਤਾਂ ਜਿਸ ਵਿੱਚੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਦਿਲਬਾਗ ਸਿੰਘ ਉਰਫ ਬਾਗਾ ਦੀ ਜਾਮਾਤਲਾਸ਼ੀ ਦੌਰਾਨ ਦੇਸੀ ਪਿਸਤੌਲ ਬਰਾਮਦ ਹੋਇਆ ਜਿਸ ਨੂੰ ਅਨਲੋਡ ਕਰਨ ’ਤੇ ਉਸ ਦੇ ਮੈਗਜ਼ੀਨ ਵਿੱਚ 5 ਕਾਰਤੂਸ ਬਰਾਮਦ ਹੋਏ। ਮੁਲਜ਼ਮ ਵਿਰੁੱਧ ਥਾਣਾ ਕਰਤਾਰਪੁਰ ’ਚ ਮਾਮਲਾ ਦਰਜ ਕੀਤਾ ਗਿਆ।
ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਦਿਲਬਾਗ ਸਿੰਘ ਉਰਫ ਬਾਗਾ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕੀਤਾ ਗਿਆ। ਪੁੱਛ-ਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਤੋਂ ਦੋ ਦੇਸੀ ਪਿਸਤੌਲ ਖਰੀਦ ਕਰਕੇ ਲਿਆਇਆ ਸੀ ਜਿਸ ਵਿੱਚੋਂ ਇੱਕ ਦੇਸੀ ਪਿਸਤੌਲ ਉਸ ਕੋਲ ਸੀ ਅਤੇ ਦੂਸਰਾ ਗੁਰਸੇਵਕ ਸਿੰਘ ਉਰਫ ਗੁਰੀ ਵਾਸੀ ਪਿੰਡ ਘੱਗੇ ਥਾਣਾ ਬੇਰੋਵਾਲ ਜ਼ਿਲ੍ਹਾ ਤਰਨ ਤਾਰਨ ਨੂੰ 50 ਹਾਜ਼ਾਰ ਵਿੱਚ ਵੇਚ ਦਿੱਤਾ ਸੀ। ਪੁਲੀਸ ਨੇ ਗੁਰਸੇਵਕ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਦੇਸੀ ਪਿਸਟਲ ਸਮੇਤ 2 ਕਾਰਤੂਸ ਬਰਾਮਦ ਕੀਤੇ।
ਦਿਲਬਾਗ ਸਿੰਘ ਉਰਫ ਬਾਗਾ ਤੋਂ ਕੀਤੀ ਪੁੱਛ-ਗਿੱਛ ਦੇ ਆਧਾਰ ’ਤੇ ਪੁਲੀਸ ਨੇ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 32 ਬੋਰ ਦਾ ਦੇਸੀ ਪਿਸਟਲ ਸਮੇਤ 3 ਕਾਰਤੂਸ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਬਲਵਿੰਦਰ ਸਿੰਘ ਉਰਫ ਬਬਲੂ ਉਰਫ ਬਰੈਂਡ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀਆ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਦੌਰਾਨ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਹਲਕਾ ਨਕੋਦਰ ’ਚ ਕੀਤੀ ਰੈਲੀ ਦੌਰਾਨ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਖੀਵਾ ਨੂੰ ਜਾਨੋਂ ਮਾਰਨ ਦੀ ਨੀਯਤ ਨਾਲ ਗੋਲੀਆਂ ਚਲਾਈਆਂ ਸਨ। ਐੱਸਪੀ ਨੇ ਦੱਸਿਆ ਕਿ ਦਿਲਬਾਗ ਸਿੰਘ ਉਰਫ ਬਾਗਾ ਰਵੀ ਬਲਾਚੌਰੀਆ ਉਰਫ ਰਵੀ ਗੁਜਰ ਦਾ ਸ਼ੂਟਰ ਹੈ ਅਤੇ ਇਸ ਦੀ ਜੱਗੂ ਭਗਵਾਨਪੁਰੀਆ ਗਰੁੱਪ ਦੇ ਭਗੌੜੇ ਸ਼ੂਟਰ ਹੈਪੀ ਜੱਟ ਵਾਸੀ ਮੁਹੱਲਾ ਜੋਤੀਸਰ ਜੰਡਿਆਲਾ ਗੁਰੂ ਨਾਲ ਦੁਸ਼ਮਣੀ ਹੈ।