ਪੱਤਰ ਪੇ੍ਰਕ
ਬੰਗਾ, 10 ਅਕਤੂਬਰ
ਇਸ ਰਾਖਵੇਂ ਹਲਕੇ ਤੋਂ ਟਿਕਟ ਪ੍ਰਾਪਤੀ ਲਈ ਦੋ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਅਤੇ ਚੌਧਰੀ ਮੋਹਣ ਲਾਲ ਬਹਿਰਾਮ ’ਚ ਪਹਿਲਾਂ ਹੀ ਜ਼ੋਰ ਅਜ਼ਮਾਈ ਚੱਲ ਰਹੀ ਸੀ ਪਰ ਹੁਣ ਡਾ. ਬਖਸ਼ੀਸ਼ ਸਿੰਘ ਨੇ ਟਕਸਾਲੀ ਹੋਣ ਦਾ ਦਾਅਵਾ ਕਰਦਿਆਂ ਇੱਥੋਂ ‘ਉਮੀਦਵਾਰ’ ਬਣਨ ਦੀ ਇੱਛਾ ਪ੍ਰਗਟਾਈ ਹੈ। ਇਹ ਦਾਅਵਾ ਉਨ੍ਹਾਂ ਪਾਰਟੀ ਦੇ ਕੌਮੀ/ਸੂਬਾ ਮੁਖੀ ਤੋਂ ਇਲਾਵਾ ਮੁੱਖ ਮੰਤਰੀ ਅਤੇ ਜ਼ਿਲ੍ਹਾ ਇੰਚਾਰਜ ਨੂੰ ਪੱਤਰ ਲਿਖ ਕੇ ਕੀਤਾ ਹੈ। ਇਸ ਪੱਤਰ ਨਾਲ ਉਨ੍ਹਾਂ ਆਪਣੀਆਂ ਕਾਂਗਰਸ ਪਾਰਟੀ ਅਤੇ ਸਮਾਜਿਕ ਖੇਤਰ ਲਈ ਨਿਭਾਈਆਂ ਸੇਵਾਵਾਂ ਬਾਰੇ ਤਸਵੀਰਾਂ ਭੇਜੀਆਂ ਹਨ।
ਡਾਕ ਰਾਹੀਂ ਇਹ ਪੱਤਰ ਭੇਜਣ ਸਮੇਂ ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਆਏ ਹਰ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਣ ਤਹਿਤ ਲੰਬੇ ਅਰਸੇ ਤੋਂ ਕੰਮ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਕਦੇ ਪਾਰਟੀ ਨਹੀਂ ਬਦਲੀ। ਉਨ੍ਹਾਂ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਸੀਨੀਅਰਤਾ ਵਜੋਂ ਉਨ੍ਹਾਂ ਦੇ ਬੇਨਤੀ ਪੱਤਰ ਨੂੰ ਵਿਚਾਰਿਆ ਜਾਵੇ ਅਤੇ ਯੋਗਤਾ ਦੇ ਅਧਾਰ ਬੰਗਾ ਹਲਕੇ ਤੋਂ ਉਮੀਦਵਾਰ ਬਣਨ ਦਾ ਮੌਕਾ ਦਿੱਤਾ ਜਾਵੇ। ਦੱਸਣਯੋਗ ਹੈ ਡਾ. ਬਖਸ਼ੀਸ਼ ਸਿੰਘ ਸਥਾਨਕ ਸਿਵਲ ਹਸਪਤਾਲ ’ਚ ਮੈਡੀਕਲ ਅਫ਼ਸਰ ਵਜੋਂ ਲੰਬਾ ਅਰਸਾ ਤਾਇਨਾਤ ਰਹੇ ਅਤੇ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਇੱਥੇ ਹੀ ਆਪਣਾ ਨਿੱਜੀ ਕਰਨ ਹਸਪਤਾਲ ਸਥਾਪਿਤ ਕਰ ਲਿਆ ਅਤੇ ਹਲਕੇ ’ਚ ਕਾਂਗਰਸ ਦੇ ਸੀਨੀਅਰ ਆਗੂ ਵਜੋਂ ਵਿਚਰ ਰਹੇ ਹਨ।