ਸੁਰਜੀਤ ਮਜਾਰੀ
ਬੰਗਾ, 6 ਨਵੰਬਰ
ਨਾਮਵਰ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨੂੰ ਅੱਜ ਦਿੱਲੀ, ਪੰਜਾਬ ਅੰਦਰ ਲੱਗੇ ਕਿਸਾਨ ਮੋਰਚਿਆਂ ਅਤੇ ਪਰਵਾਸੀ ਪੰਜਾਬੀਆਂ ਵੱਲੋਂ ਅੱਜ ਗਦਰ ਪਾਰਟੀ ਦੇ ਕੌਮਾਂਤਰੀ ਰਾਜਦੂਤ ਕਰਕੇ ਜਾਣੇ ਜਾਂਦੇ ਭਾਈ ਰਤਨ ਸਿੰਘ ਰਾਏਪੁਰ ਡੱਬਾ ਦੇ ਪਿੰਡ ਰਾਏਪੁਰ ਡੱਬਾ ਵਿੱਚ ਮੋਮਬੱਤੀਆਂ ਬਾਲ ਕੇ ਸਲਾਮ ਕੀਤਾ ਗਿਆ। ਇਸ ਮੌਕੇ ਇੰਗਲੈਂਡ ਤੋਂ ਆਏ ਇਸ ਪਿੰਡ ਦੇ ਹੀ ਨਿਰਮਲ ਸੌਂਧੀ ਨੇ ਉਦਾਸੀ ਦੀ ਇੰਗਲੈਂਡ ਫੇਰੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਉਦਾਸੀ ਦੀ ਕਵਿਤਾ ਚਹੁੰ ਕੂਟਾ ਵਿੱਚ ਫੈਲ ਗਈ ਹੈ ਅਤੇ ਉਹ ਹਮੇਸ਼ਾ ਅਮਰ ਰਹੇਗੀ। ਇਸ ਮੌਕੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਦੱਸਿਆ ਕਿ ਉਦਾਸੀ ਦੀ ਕਵਿਤਾ ਸਾਡੇ ਸਮਿਆਂ ਵਿੱਚ ਵੀ ਹਨੇਰੇ ਚੀਰਨ ਦੀ ਰੌਸ਼ਨੀ ਵੰਡਦੀ ਹੈ। ਇਸ ਮੌਕੇ ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਬੰਗਾ ਦੇ ਨੁਮਾਇੰਦੇ ਕਾਮਰੇਡ ਤੀਰਥ ਰਸੂਲਪੁਰੀ, ਸੁਲਤਾਨ ਦੀਵਾਨਾ, ਮਹਿੰਦਰ ਕੌਰ ਤੇ ਪ੍ਰਗਣ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ।