ਜੇ.ਬੀ.ਸੇਖੋਂ
ਗੜ੍ਹਸ਼ੰਕਰ, 1 ਸਤੰਬਰ
ਦੇਸ਼ ਨੂੰ ਅੰਗਰੇਜ਼ੀ ਰਾਜ ਤੋਂ ਆਜ਼ਾਦੀ ਦਿਵਾਉਣ ਲਈ ਦੋਆਬੇ ਵਿੱਚ ਉੱਠੀ ਬੱਬਰ ਅਕਾਲੀ ਲਹਿਰ ਦੇ ਯੋਧਿਆਂ ਕਰਮ ਸਿੰਘ ਦੌਲਤਪੁਰ,ਉਦੈ ਸਿੰਘ ਰਾਮ ਗੜ੍ਹ ਝੁੰਗੀਆਂ, ਬਿਸ਼ਨ ਸਿੰਘ ਮਾਂਗਟਾ,ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀ ਯਾਦ ਵਿੱਚ ਅੱਜ ਸਥਾਨਕ ਤਹਿਸੀਲ ਦੇ ਪਿੰਡ ਰਾਮ ਗੜ੍ਹ ਝੁੰਗੀਆਂ ਵਿੱਚ ਬੱਬਰ ਉਦੈ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਵਲੋਂ ਸ਼ਰਧਾਂਜ਼ਲੀ ਸਮਾਰੋਹ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਕ ਸਤੰਬਰ 1923 ਨੂੰ ਅੰਗਰੇਜ਼ਾਂ ਵੱਲੋਂ ਪੁਲੀਸ ਮੁਕਾਬਲੇ ਵਿੱਚ ਇਨ੍ਹਾਂ ਬੱਬਰਾਂ ਨੂੰ ਬੰਬੇਲੇ ਸਾਕੇ ਵਿੱਚ ਸ਼ਹੀਦ ਕੀਤਾ ਗਿਆ ਸੀ ਜਿਨ੍ਹਾਂ ਨੂੰ ਪਿੰਡ ਵਾਸੀ ਹਰ ਵਰ੍ਹੇ ਯਾਦ ਕਰਦੇ ਹਨ। ਇਸ ਮੌਕੇ ਮੁੱਖ ਬੁਲਾਰੇ ਵਜੋਂ ਹਾਜ਼ਰ ਕਹਾਣੀਕਾਰ ਅਜਮੇਰ ਸਿੱਧੂ ਨੇ ਕਿਹਾ ਕਿ ਦੇਸ਼ ਵਿੱਚ ਅੱਜ ਅਜਿਹੇ ਹਾਲਾਤ ਬਣ ਗਏ ਹਨ ਕਿ ਬੱਬਰ ਅਕਾਲੀ ਲਹਿਰ ਦੇ ਯੋਧਿਆਂ ਅਤੇ ਗਦਰ ਲਹਿਰ ਦੀ ਵਿਚਾਰਧਾਰਾ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ। ਇਸ ਮੌਕੇ ਮਾਸਟਰ ਮੁਕੇਸ਼ ਗੁਜਰਾਤੀ ਅਤੇ ਮਾਸਟਰ ਹੰਸ ਰਾਜ ਨੇ ਕਿਹਾ ਕਿ ਦੇਸ਼ ਵਿੱਚ ਫਾਂਸ਼ੀਵਾਦੀ ਮਾਹੌਲ ਪੈਦਾ ਕਰਕੇ ਬੋਲਣ ਅਤੇ ਲਿਖਣ ਦੀ ਆਜ਼ਾਦੀ ਕੁਚਲੀ ਜਾ ਰਹੀ ਹੈ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਕੁਲਵਿੰਦਰ ਚਾਹਲ, ਅਜੀਤ ਸਿੰਘ ਬੋੜਾ,ਸਤਨਾਮ ਸਿੰਘ, ਸੱਤਪਾਲ ਕਲੇਰ, ਸੁਖਵਿੰਦਰ ਸਿੰਘ,ਹਰਭਜਨ ਸਿੰਘ, ਜਥੇਦਾਰ ਜੁਝਾਰ ਸਿੰਘ ਹਾਜ਼ਰ ਸਨ।