ਜੇ.ਬੀ.ਸੇਖੋਂ
ਗੜ੍ਹਸ਼ੰਕਰ, 26 ਮਈ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਡੇਅਰੀ ਮਾਲਕਾਂ ਅਤੇ ਗਊ ਆਸ਼ਰਮਾਂ ਦੇ ਸੰਚਾਲਕਾਂ ਦੀ ਮੰਗ ’ਤੇ ਉਦਯੋਗਿਕ ਇਕਾਈਆਂ, ਭੱਠਿਆਂ ਆਦਿ ’ਤੇ ਤੂੜੀ ਨੂੰ ਕੱਚੀ ਸਮੱਗਰੀ ਵਜੋਂ ਵਰਤਣ ਉੱਤੇ ਲਗਾਈ ਪਾਬੰਦੀ ਦੇ ਬਾਵਜੂਦ ਸੈਲਾ ਖੁਰਦ ਦੀ ਪੇਪਰ ਮਿੱਲ ਵਿੱਚ ਤੂੜੀ ਨਾਲ ਭਰੇ ਟਰੱਕ, ਟਰਾਲੀਆਂ ਅਤੇ ਟਿੱਪਰਾਂ ਦੀ ਲਗਾਤਾਰ ਪਹੁੰਚ ਦੇ ਖ਼ਿਲਾਫ਼ ਅੱਜ ਇਲਾਕੇ ਦੇ ਡੇਅਰੀ ਮਾਲਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਤੂੜੀ ਨਾਲ ਭਰੇ ਇਨ੍ਹਾਂ ਵਾਹਨਾਂ ਨੂੰ ਸੈਲਾ ਖੁਰਦ ਦੀ ਪੇਪਰ ਮਿੱਲ ਤੋਂ ਬਾਹਰ ਹੀ ਡੱਕ ਦਿੱਤਾ। ਤੜਕਸਾਰ ਹੋਈ ਇਸ ਕਾਰਵਾਈ ਨਾਲ ਵਾਹਨ ਚਾਲਕਾਂ ਅਤੇ ਮਿੱਲ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਵਾਹਨ ਚਾਲਕ ਆਪਣੇ ਵਾਹਨ ਖੜ੍ਹੇ ਕਰਕੇ ਇੱਧਰ ਉੱਧਰ ਖਿਸਕ ਗਏ। ਅੱਜ ਸਾਰਾ ਦਿਨ ਸੈਲਾ ਖੁਰਦ ਦੀ ਅਨਾਜ ਮੰਡੀ ਨੇੜੇ, ਸ਼ਹਿਰ ਦੇ ਬਾਹਰਵਾਰ ਢਾਬਿਆਂ ਕੋਲ ਅਤੇ ਪੇਪਰ ਮਿੱਲ ਨੇੜੇ ਪੈਟਰੋਲ ਪੰਪ ਕੋਲ ਇਨ੍ਹਾਂ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ। ਅੱਜ ਉਕਤ ਵਾਹਨਾਂ ਨੂੰ ਡੱਕਣ ਸਮੇਂ ਹਾਜ਼ਰ ਡੇਅਰੀ ਮਾਲਕਾਂ ਚਰਨਜੀਤ ਸੇਠੀ, ਸੁਖਦੇਵ ਸਿੰਘ, ਯਸ਼ਪਾਲ ਚੇਚੀ, ਸੰਦੀਪ ਚੇਚੀ ਅਤੇ ਵਿਜੇ ਪਾਲ ਨੇ ਕਿਹਾ ਕਿ ਪੇਪਰ ਮਿੱਲ ਸੈਲਾ ਖੁਰਦ ਅਤੇ ਹਿਮਾਚਲ ਦੀ ਹੱਦ ’ਤੇ ਸਥਿਤ ਮਹਿੰਦਵਾਣੀ ਵਿਖੇ ਤੂੜੀ ਦੀ ਅੰਨ੍ਹੇਵਾਹ ਵਰਤੋਂ ਨਾਲ ਇਲਾਕੇ ਵਿੱਚ ਸੁੱਕੇ ਚਾਰੇ ਦਾ ਸੰਕਟ ਪੈਦਾ ਹੋ ਗਿਆ ਹੈ ਅਤੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਸਬੰਧੀ ਡੀਐੱਸਪੀ ਨਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਇਸ ਬਾਰੇ ਮਿੱਲ ਪ੍ਰਬੰਧਕਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਤੂੜੀ ਨਾਲ ਭਰੇ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ।