ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 10 ਫਰਵਰੀ
ਇੱਥੋਂ ਦੀ ਦਾਣਾ ਅਤੇ ਸਬਜ਼ੀ ਮੰਡੀ ਵਿੱਚ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਿਕ ਦਾਣਾ ਅਤੇ ਸਬਜ਼ੀ ਮੰਡੀ ਨੂੰ ਜਾਣ ਲਈ ਵੱਖ-ਵੱਖ ਤਿੰਨ ਰਾਹ ਪੈਂਦੇ ਹਨ, ਪਰ ਆਦਮਪੁਰ ਵਿਚ ਚੱਲ ਰਹੇ ਵਿਕਾਸ ਦੇ ਕਾਰਜਾਂ ਨੂੰ ਲੈ ਕੇ ਦਾਣਾ ਮੰਡੀ ਨੂੰ ਜਾਣ ਵਾਲੇ ਰਸਤੇ ’ਤੇੇ ਸੀਵਰੇਜ ਪਾਈਪ ਪਾਉਣ ਲਈ ਸੜਕ ਨੂੰ ਪੂਰੀ ਤਰ੍ਹਾਂ ਕਈ ਦਿਨਾਂ ਤੋਂ ਪੁੱਟਿਆ ਹੋਇਆ ਹੈ। ਜਦਕਿ ਦੂਸਰੇ ਰਸਤੇ ਦੇ ਕੋਲ ਨਗਰ ਕੌਂਸਲ ਦਾ ਦਫਤਰ ਬਣਾਉਣ ਦੇ ਚਲ ਰਹੇ ਕੰਮ ਕਾਰਨ ਉਸ ਰਸਤੇ ਵਿਚ ਵੀ ਚਿੱਕੜੋ-ਚਿਕੜੀ ਹੋਈ ਪਈ ਹੈ। ਸਬਜ਼ੀ ਮੰਡੀ ਨੂੰ ਜਾਣ ਵਾਲੇ ਰਾਹ ਵਿਚ ਵੀ ਮੀਂਹ ਪੈ ਜਾਣ ਕਾਰਨ ਸਾਰਾ ਰਸਤਾ ਹੀ ਦਲਦਲ ਬਣਿਆ ਹੋਇਆ ਹੈ, ਜਿਸ ਕਾਰਨ ਮੰਡੀ ਵਿਚ ਜਾਣ ਵਾਲੇ ਆੜ੍ਹਤੀਆਂ ਵਪਾਰੀਆਂ ਅਤੇ ਕਿਸਾਨਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰੀ ਆਉਣ ਜਾਣ ਵਾਲੇ ਵਾਹਨਾਂ ਦੇ ਤਿਲਕ ਕੇ ਡਿੱਗਣ ਕਾਰਨ ਕਈ ਲੋਕ ਜ਼ਖਮੀ ਹੋ ਚੁਕੇ ਹਨ। ਇਸ ਦੌਰਾਨ ਦਾਣਾ ਮੰਡੀ ਦੇ ਆੜ੍ਹਤੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀ ਨੂੰ ਜਾਣ ਵਾਲੇ ਸਾਰੇ ਰਸਤੇ ਠੀਕ ਕਰਵਾਏ ਜਾਣ।
ਡਿਫੈਂਸ ਰੋਡ ਦਾ ਨਿਰਮਾਣ ਕਾਰਜ ਮੁੜ ਬੰਦ
ਪਠਾਨਕੋਟ (ਐਨਪੀ. ਧਵਨ): ਪਿਛਲੇ ਕਈ ਸਾਲਾਂ ਤੋਂ ਬੰਦ ਪਈ ਡਿਫੈਂਸ ਰੋਡ ਦਾ ਨਿਰਮਾਣ ਕਾਰਜ ਚਾਲੂ ਹੋਣ ਦੇ ਬਾਅਦ ਮੁੜ ਬੰਦ ਹੋ ਗਿਆ ਅਤੇ ਠੇਕੇਦਾਰ ਉਥੋਂ ਆਪਣਾ ਸਾਮਾਨ ਚੁੱਕ ਕੇ ਲੈ ਗਿਆ। ਇਸ ਨਾਲ ਸੜਕ ਕਿਨਾਰੇ ਦੁਕਾਨਦਾਰਾਂ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਹਨ ਅਤੇ ਉਹ ਮੰਗ ਕਰ ਰਹੇ ਹਨ ਕਿ ਇਸ ਅਧੂਰੀ ਸੜਕ ਦਾ ਨਿਰਮਾਣ ਮੁਕੰਮਲ ਕੀਤਾ ਜਾਵੇ। ਜਾਣਕਾਰੀ ਅਨੁਸਾਰ ਮਾਧੋਪੁਰ ਤੋਂ ਮਾਮੂਨ ਚੌਕ ਤੱਕ ਬਣਾਈ ਜਾਣ ਵਾਲੀ ਡਿਫੈਂਸ ਰੋਡ ਦਾ ਨੀਂਹ ਪੱਥਰ ਸਾਲ 2016 ਵਿੱਚ ਹਲਕਾ ਸੁਜਾਨਪੁਰ ਦੇ ਭਾਜਪਾ ਵਿਧਾਇਕ ਤੇ ਤਤਕਾਲੀ ਡਿਪਟੀ ਸਪੀਕਰ ਠਾਕੁਰ ਦਿਨੇਸ਼ ਸਿੰਘ ਬੱਬੂ ਨੇ ਰੱਖਿਆ ਸੀ, ਪਰ ਉਸ ਵੇਲੇ ਤੋਂ ਲੈ ਕੇ ਅਜੇ ਤੱਕ ਇਸ ਸੜਕ ਦਾ ਨਿਰਮਾਣ ਕਾਰਜ ਪੂਰਾ ਨਹੀਂ ਹੋ ਸਕਿਆ। ਵਪਾਰ ਮੰਡਲ ਮਾਮੂਨ ਦੇ ਪ੍ਰਧਾਨ ਸੰਜੀਵ ਮਹਾਜਨ ਨੇ ਦੱਸਿਆ ਕਿ ਹੁਣ 2 ਮਹੀਨਿਆਂ ਤੋਂ ਕੰਮ ਬੰਦ ਕਰ ਕੇ ਠੇਕੇਦਾਰ ਆਪਣਾ ਸਾਮਾਨ ਸਮੇਟ ਕੇ ਜਾ ਚੁੱਕਾ ਹੈ। ਪੀਡਬਲਯੂਡੀ ਵਿਭਾਗ ਦੇ ਐਕਸੀਅਨ ਮਨਮੋਹਨ ਸਾਰੰਗਲ ਨੇ ਕਿਹਾ ਕਿ ਉਨ੍ਹਾਂ ਦੀ ਬਦਲੀ ਹੋ ਗਈ ਹੈ ਪਰ ਠੇਕੇਦਾਰ ਨੂੰ ਕੰਮ ਲਟਕਾਉਣ ਕਰ ਕੇ ਪੈਨਲਟੀ ਪਾਈ ਗਈ ਹੈ।