ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 11 ਅਕਤੂਬਰ
ਗੜ੍ਹਸ਼ੰਕਰ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਪਨਾਮ ਗੁਰਸੇਵਾ ਨਰਸਿੰਗ ਕਾਲਜ ਦੇ ਨਜ਼ਦੀਕ ਅੱਜ ਤੜਕਸਾਰ ਇੱਕ ਸਰੀਏ ਨਾਲ ਭਰਿਆ ਬੇਕਾਬੂ ਹੋਇਆ ਟਰੱਕ ਸੜਕ ਦੇ ਦੂਸਰੇ ਪਾਸੇ ਖਤਾਨਾ ਵਿੱਚ ਸਫੈਦੇ ਨਾਲ ਟਕਰਾ ਕੇ ਝੋਨੇ ਦੇ ਨੀਵੇਂ ਖੇਤਾਂ ਵਿੱਚ ਪਲਟ ਗਿਆ। ਜਿਸ ਨਾਲ ਟਰੱਕ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਿਕੰਦਰ 23/24 ਸਾਲ ਪੁੱਤਰ ਮੁਹੰਮਦ ਬਸ਼ੀਰ ਪਿੰਡ ਕੋਟਧਾਰਾ ਜ਼ਿਲ੍ਹਾ ਰਾਜੌਰੀ ਜੰਮੂ-ਕਸ਼ਮੀਰ ਨਾਲਾਗੜ੍ਹ ਤੋਂ ਇੱਕ ਕੰਪਨੀ ਦੇ ਟਰੱਕ ਨੰਬਰ ਐੱਚ .ਪੀ.12 ਐੱਨ.4424 ਵਿੱਚ ਸਰੀਆ ਲੈ ਕੇ ਜੰਮੂ ਵੱਲ ਨੂੰ ਜਾ ਰਿਹਾ ਸੀ। ਮੌਕੇ ’ਤੇ ਰਾਹਗੀਰਾਂ ਨੇ ਦੱਸਿਆ ਕਿ ਕਈ ਘੰਟੇ ਮ੍ਰਿਤਕ ਦੀ ਲਾਸ਼ ਟਰੱਕ ਦੇ ਅਗਲੇ ਹਿੱਸੇ ਵਿੱਚ ਹੇਠਾਂ ਵੱਲ ਨੂੰ ਲਮਕਦੀ ਰਹੀ ਪਰ ਕਿਸੇ ਨੇ ਵੀ ਉਸ ਨੂੰ ਬਾਹਰ ਕੱਢਣ ਦਾ ਯਤਨ ਨਹੀਂ ਕੀਤਾ। ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨਜ਼ਰ ਆਈ। 9 ਵਜੇ ਦੇ ਕਰੀਬ ਪਹੁੰਚੇ ਪੁਲੀਸ ਪ੍ਰਸ਼ਾਸਨ ਵੱਲੋਂ ਏ.ਐੱਸ.ਆਈ. ਸੁਖਵਿੰਦਰ ਸਿੰਘ ਚੌਕੀ ਇੰਚਾਰਜ ਸਮੁੰਦੜਾ ਦੀ ਅਗਵਾਈ ਹੇਠ ਪੁਲੀਸ ਕਰਮਚਾਰੀਆਂ ਵੱਲੋਂ ਤਿੰਨ ਚਾਰ ਘੰਟੇ ਦੀ ਲੰਮੀ ਜੱਦੋਜਹਿਦ ਤੋਂ ਬਾਅਦ ਕਰੇਨ ਤੇ ਹੋਰ ਮਸ਼ੀਨਾਂ ਨਾਲ ਟਰੱਕ ਦਾ ਅਗਲਾ ਹਿੱਸਾ ਵੱਢ ਵੱਢ ਕੇ ਚਾਲਕ ਦੀ ਲਾਸ਼ ਬਾਹਰ ਕੱਢੀ ਗਈ ਅਤੇ ਐਂਬੂਲੈਂਸ ਰਾਹੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਭੇਜ ਦਿੱਤੀ ਗਈ।
ਪੁਲੀਸ ਕਰਮਚਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਨੂੰ ਖ਼ਬਰ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਰਜੌਰੀ ਤੋਂ ਆਉਣ ’ਤੇ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹਾਦਸਾ ਇੰਨਾ ਭਿਆਨਕ ਵਾਪਰਿਆ ਕਿ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ।