ਪਹਿਲੇ ਗੇੜ ’ਚ ਡੇਅਰੀਆਂ ਦੀ ਗੰਦਗੀ ਰੋਕੀ ਜਾਵੇਗੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਅਕਤੂਬਰ
ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼ਹਿਰ ਦੀ ਤੁੰਗ ਢਾਬ ਡਰੇਨ ਨੂੰ ਪੜਾਅਵਾਰ ਪ੍ਰਦੂਸ਼ਣ ਮੁਕਤ ਕਰਨ ਲਈ ਅੱਜ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਤੁੰਗ ਢਾਬ ਡਰੇਨ ਦੀ ਸਫਾਈ ਲਈ ਜੇਠੂਵਾਲ ਨਹਿਰ ਵਿੱਚੋਂ ਸਾਫ ਪਾਣੀ ਲੈ ਕੇ ਇਸ ਵਿੱਚ ਛੱਡਿਆ ਜਾਵੇਗਾ ਤੇ ਡਰੇਨ ਨੂੰ ਪੁਨਰ ਸੁਰਜੀਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਤੁੰਗ ਢਾਬ ਡਰੇਨ ਨੂੰ ਪੜਾਵਾਰ ਪ੍ਰਦੂਸ਼ਣ ਮੁਕਤ ਕਰਨਾ ਪਵੇਗਾ। ਸਭ ਤੋਂ ਪਹਿਲਾਂ ਡੇਅਰੀਆਂ ਦੇ ਪਾਣੀ ਨੂੰ ਰੋਕਣ ਲਈ ਬਾਇਓਗੈਸ ਪਲਾਂਟ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ 7 ਕਰੋੜ ਰੁਪਏ ਦੀ ਲਾਗਤ ਨਾਲ ਜੇਠੂਵਾਲ ਨਹਿਰ ਤੋਂ ਰਸਤਾ ਬਣਾ ਕੇ ਸਾਫ ਪਾਣੀ ਛੱਡਿਆ ਜਾਵੇਗਾ, ਜਿਸ ਨਾਲ ਲਗਾਤਾਰ ਸਾਫ ਪਾਣੀ ਆਉਣ ਨਾਲ ਡਰੇਨ ਪ੍ਰਦੂਸ਼ਣ ਮੁਕਤ ਹੋ ਸਕੇਗੀ। ਇਸ ਤੋਂ ਇਲਾਵਾ ਜਿਨ੍ਹਾਂ ਪਿੰਡਾਂ ਦਾ ਪਾਣੀ ਡਰੇਨ ਵਿਚ ਪੈਂਦਾ ਹੈ, ਉਨ੍ਹਾਂ ਪਿੰਡਾਂ ਵਿਚ ਥਾਪਰ ਮਾਡਲ ਦੀ ਤਰਜ਼ ’ਤੇ ਪਿੰਡਾਂ ਦੇ ਛੱਪੜਾਂ ਨੂੰ ਵਿਕਸਤ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਡਰੇਨ ਦੀ ਸਾਫ ਸਫਾਈ ਲਈ ਸਰਕਾਰ ਵਲੋਂ 10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਡਰੇਨ ਦੇ ਪਾਣੀ ਨੂ ਸਾਫ ਕਰਨ ਲਈ ਐਸ.ਟੀ.ਪੀ ਪਲਾਂਟ ਦੀ ਸਮਰੱਥਾ ਵਿਚ ਵਾਧਾ ਵੀ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਨਗਰ ਨਿਗਮ ਦੇ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ,ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੁੱਧਲ, ਐਕਸੀਅਨ ਪੰਕਜ ਜੈਨ ਤੋਂ ਇਲਾਵਾ ਨਗਰ ਨਿਗਮ ਅਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ:ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।