ਗੁਰਿੰਦਰ ਸਿੰਘ
ਲੁਧਿਆਣਾ, 3 ਸਤੰਬਰ
ਇੱਥੇ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਇੱਕ ਬਜ਼ੁਰਗ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਹਾਦਸੇ ਵਿੱਚ ਕਾਰ ਤੇ ਬੱਸ ਦੀ ਟੱਕਰ ਦੌਰਾਨ ਕਾਰ ਨੁਕਸਾਨੀ ਗਈ ਹੈ। ਜਾਣਕਾਰੀ ਮੁਤਾਬਕ ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਪੀਏਯੂ ਗੇਟ ਨੰਬਰ 2 ਦੇ ਸਾਹਮਣੇ ਵਾਲੇ ਕੱਟ ਪਾਸ ਇੱਕ ਪੈਦਲ ਜਾ ਰਹੇ ਬਜ਼ੁਰਗ ਨੂੰ ਕਾਰ ਚਾਲਕ ਵੱਲੋਂ ਟੱਕਰ ਮਾਰਨ ਕਾਰਨ ਬਜ਼ੁਰਗ ਦੀ ਮੌਤ ਹੋ ਗਈ ਹੈ।
ਇਸ ਸਬੰਧੀ ਮਹਾਰਾਜ ਨਗਰ ਵਾਸੀ ਸੰਨੀ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਫੂਲ ਕੁਮਾਰ ਨਾਲ ਪੈਦਲ ਹੀ ਸਰਾਭਾ ਨਗਰ ਮਾਰਕੀਟ ਸਾਮਾਨ ਲੈਣ ਲਈ ਜਾ ਰਹੇ ਸਨ ਕਿ ਪੀਏਯੂ ਗੇਟ ਨੰਬਰ 2 ਦੇ ਸਾਹਮਣੇ ਵਾਲੇ ਕੱਟ ਪਾਸ ਆਰਤੀ ਚੌਕ ਸਾਈਡ ਤੋਂ ਇੱਕ ਹੌਂਡਾ ਕਾਰ ਦੇ ਡਰਾਈਵਰ ਨੇ ਆਪਣੀ ਕਾਰ ਤੇਜ਼ ਰਫਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਉਸ ਦੇ ਪਿਤਾ ਨੂੰ ਫੇਟ ਮਾਰੀ ਅਤੇ ਕਾਰ ਸਮੇਤ ਫ਼ਰਾਰ ਹੋ ਗਿਆ। ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਡੀਐੱਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਥਾਣੇਦਾਰ ਮੋਹਨ ਲਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਭਾਰਤੀ ਕਲੋਨੀ ਬਹਾਦਰਕੇ ਰੋਡ ਵਾਸੀ ਮੁਕੇਸ਼ ਸਹਿਗਲ ਨੇ ਦੱਸਿਆ ਕਿ ਉਹ ਦਾਣਾ ਮੰਡੀ ਵਿੱਚ ਢਾਬਾ ਚਲਾਉਂਦਾ ਹੈ। ਢਾਬੇ ਦੇ ਕੋਲ ਹੀ ਇੱਕ ਨੌਜਵਾਨ ਰਹਿੰਦਾ ਸੀ ਜੋ ਮੰਡੀ ਵਿੱਚ ਪੱਲੇਦਾਰੀ ਦਾ ਕੰਮ ਕਰਦਾ ਸੀ ਅਤੇ ਉਸ ਕੋਲੋਂ ਰੋਟੀ ਖਾ ਕੇ ਸਾਈਡ ’ਤੇ ਸੌਂ ਜਾਂਦਾ ਸੀ।
ਉਸ ਨੇ ਦੱਸਿਆ ਕਿ ਬੀਤੀ ਰਾਤ ਨੂੰ ਵੀ ਉਹ ਉਸ ਪਾਸੋਂ ਰੋਟੀ ਖਾ ਕੇ ਗਿਆ ਸੀ ਅਤੇ ਸ਼ੈੱਡ ਪਾਸ ਸੌਂ ਰਿਹਾ ਸੀ। ਅਗਲੇ ਦਿਨ ਉਹ ਜਦੋਂ ਢਾਬੇ ’ਤੇ ਆਇਆ ਤਾਂ ਉਸ ਨੇ ਦੇਖਿਆ ਕਿ ਕਿਸੇ ਅਣਪਛਾਤੇ ਵਾਹਨ ਦੇ ਚਾਲਕ ਨੇ ਉੱਕਤ ਨੌਜਵਾਨ ਨੂੰ ਅਣਗਹਿਲੀ ਅਤੇ ਲਾਪਰਵਾਹੀ ਨਾਲ ਕੁਚਲ ਦਿੱਤਾ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ। ਥਾਣੇਦਾਰ ਚਰਨ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ।
ਬੱਸ ਦੀ ਫੇਟ ਵੱਜਣ ਕਾਰਨ ਕਾਰ ਸਵਾਰ ਜ਼ਖ਼ਮੀ
ਥਾਣਾ ਕੂੰਮਕਲਾਂ ਦੇ ਪਿੰਡ ਗੁੱਜਰਵਾਲ ਬੇਟ ਵਿੱਚ ਇੱਕ ਬੱਸ ਦੀ ਕਾਰ ਨਾਲ ਟੱਕਰ ਹੋਣ ਕਾਰਨ ਕਾਰ ਵਿੱਚ ਸਵਾਰ ਲੋਕਾਂ ਨੂੰ ਸੱਟਾਂ ਲੱਗੀਆਂ ਜਦਕਿ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਸਬੰਧੀ ਮੀਆਂ ਮੁਹੱਲਾ ਰਾਹੋਂ ਰੋਡ ਮਾਛੀਵਾੜਾ ਸਾਹਿਬ ਵਾਸੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਮਾਛੀਵਾੜਾ ਸਾਹਿਬ ਤੋਂ ਆਪਣੀ ਕਾਰ ’ਤੇ ਸਹੁਰੇ ਪਿੰਡ ਜਾ ਰਿਹਾ ਸੀ ਤਾਂ ਪਿੰਡ ਗੁੱਜਰਵਾਲ ਲਿੰਕ ਰੋਡ ’ਤੇ ਸਾਹਮਣੇ ਤੋਂ ਇੱਕ ਪੀਲੇ ਰੰਗ ਦੀ ਬੱਸ ਦੇ ਚਾਲਕ ਨੇ ਆਪਣੀ ਬੱਸ ਤੇਜ਼ ਰਫਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਕਾਰ ਨੂੰ ਫੇਟ ਮਾਰੀ ਜਿਸ ਨਾਲ ਉਸਦੀ ਗੱਡੀ ਦਾ ਕਾਫ਼ੀ ਨੁਕਸਾਨ ਹੋਇਆ ਅਤੇ ਪਰਿਵਾਰ ਦੇ ਵੀ ਕਾਫ਼ੀ ਸੱਟਾਂ ਵੱਜੀਆਂ। ਬੱਸ ਡਰਾਈਵਰ ਸਮੇਤ ਬੱਸ ਫ਼ਰਾਰ ਹੋ ਗਿਆ। ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।