ਗੁਰਦੇਵ ਸਿੰਘ ਗਹੂੰਣ/ ਲਾਜਵੰਤ ਲਾਜ
ਬਲਾਚੌਰ/ਨਵਾਂ ਸ਼ਹਿਰ, 8 ਜੂਨ
ਡਾ. ਸੰਦੀਪ ਕੁਮਾਰ ਸ਼ਰਮਾ ਸੀਨੀਅਰ ਕਪਤਾਨ ਪੁਲੀਸ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਥਾਣਾ ਸਿਟੀ ਬਲਾਚੌਰ ਪੁਲੀਸ ਵੱਲੋਂ ਪਿਸਤੌਲ ਦੀ ਨੋਕ ’ਤੇ ਲੁੱਟਾਂ-ਖੋਹਾਂ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਪਿਸਤੌਲ ਤੇ 2 ਰੌਂਦ ਬਰਾਮਦ ਕੀਤੇ ਹਨ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡਾ. ਸੰਦੀਪ ਕੁਮਾਰ ਸ਼ਰਮਾ ਸੀਨੀਅਰ ਕਪਤਾਨ ਪੁਲੀਸ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਖਪਾਲ ਸਿੰਘ ਮੁੱਖ ਥਾਣਾ ਅਫਸਰ ਸਿਟੀ ਬਲਾਚੌਰ ਨੂੰ ਗੁਪਤ ਸੂਚਨਾ ਮਿਲੀ ਕਿ ਕੁਲਵਿੰਦਰ ਸਿੰਘ ਉਰਫ ਭੂਤ ਵਾਸੀ ਰਾਮਗੜ੍ਹ ਜਵੰਦਾ ਜ਼ਿਲ੍ਹਾ ਸੰਗਰੂਰ ਤੇ ਲਵਦੀਸ਼ ਸੰਧੂ ਉਰਫ ਲਵ ਵਾਸੀ ਮਹੇੜੂ ਜ਼ਿਲ੍ਹਾ ਕਪੂਰਥਲਾ ਜੋ ਬਲਾਚੌਰ ’ਚ ਕਿਰਾਏ ਦੇ ਮਕਾਨ ’ਚ ਰਹਿੰਦੇ ਹਨ, ਇਨ੍ਹਾਂ ਪਾਸ ਨਾਜਾਇਜ਼ ਪਿਸਤੌਲ ਹਨ, ਜਿਸ ’ਤੇ ਸਬ ਇੰਸਪੈਕਟਰ ਸੁਖਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਨੇ ਸਮੇਤ ਪੁਲਿਸ ਪਾਰਟੀ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ 2 ਪਿਸਤੌਲਾਂ ਸਮੇਤ 2 ਰੌਂਦ ਦੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ 24 ਅਪਰੈਲ ਨੂੰ ਧੂਰੀ ਜ਼ਿਲ੍ਹਾ ਸੰਗਰੂਰ ’ਚ ਇੱਕ ਮਨੀ ਐਕਸਚੇਂਜਰ ਪਾਸੋਂ ਦੋ ਫਾਇਰ ਕਰਕੇ 70,000 ਰੁਪਏ ਲੁੱਟੇ ਸਨ। ਇਸ ਸਬੰਧੀ ਥਾਣਾ ਸਿਟੀ ਧੂਰੀ ’ਚ ਵੀ ਕੇਸ ਮਿਤੀ 24 ਅਪਰੈਲ 2022 ਅਧੀਨ ਧਾਰਾ 392,34 ਆਈ.ਪੀ.ਸੀ. ਤੇ 25 ਅਸਲਾ ਐਕਟ ਤਹਿਤ ਇਨ੍ਹਾਂ ਦੋਵਾਂ ਉਮੁਲਜ਼ਮਾਂ ਖ਼ਿਲਾਫ਼ ਦਰਜ ਹੈ। ਮੁਲਜ਼ਮਾਂ ਨੂੰ ਪੁਲੀਸ ਵੱਲੋਂ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੇਰੀ ਪੁੱਛਗਿੱਛ ਅਮਲ ਵਿੱਚ ਲਿਆਂਦੀ ਜਾ ਰਹੀ ਹੈ।