ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 1 ਮਈ
ਗੁਰੂ ਰਵਿਦਾਸ ਜੀ ਦੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਚਰਨ ਛੋਹ ਗੰਗਾ ਵਿਚ ਦਰਸ਼ਨ ਕਰਨ ਜਾ ਰਹੇ ਦੋ ਵੱਖ-ਵੱਖ ਵਾਹਨਾਂ ਦੇ ਹਾਦਸਾਗ੍ਰਸਤ ਹੋਣ ਕਾਰਨ ਕਈ ਸ਼ਰਧਾਲੂ ਜ਼ਖ਼ਮੀ ਹੋ ਗਏ ਹਨ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚਾਹਲਾਂ ਤੇ ਫਿਲੌਰ ਵੱਲੋਂ ਆਈ ਮਿਨੀ ਬੱਸ ਨੰਬਰ ਵਿਚ ਸਵਾਰ 40 ਦੇ ਕਰੀਬ ਸ਼ਰਧਾਲੂ ਜੋ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਚਰਨ ਛੋਹ ਗੰਗਾ ਨੂੰ ਮੱਥਾ ਟੇਕਣ ਜਾ ਰਹੇ ਸਨ। ਅਚਾਨਕ ਬੇਕਾਬੂ ਹੋਣ ਕਾਰਨ ਬੱਸ ਹਾਦਸਾਗ੍ਰਸਤ ਹੋ ਗਈ। ਇਸ ਕਾਰਨ ਬੱਸ ’ਚ ਸਵਾਰ ਸ਼ਰਧਾਲੂਆਂ ਵਿੱਚੋਂ ਕਈਆਂ ਨੂੰ ਸੱਟਾਂ ਲੱਗੀਆਂ ਤੇ ਕਰੀਬ ਅੱਧੀ ਦਰਜਨ ਸ਼ਰਧਾਲੂ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਚ ਦਾਖ਼ਲ ਕਰਵਾਇਆ ਗਿਆ। ਬੱਸ ਦੇ ਚਾਲਕ ਦੀ ਹਾਲਤ ਨੂੰ ਦੇਖਦੇ ਹੋਏ ਨਵਾਂਸ਼ਹਿਰ ਲਈ ਰੈਫਰ ਕਰ ਦਿੱਤਾ ਗਿਆ।
ਇਸ ਤਰ੍ਹਾਂ ਦੂਜੇ ਹਾਦਸੇ ਵਿੱਚ ਮਾਹਿਲਪੁਰ ਵੱਲੋਂ ਆਏ ਟਾਟਾ ਦੇ ਛੋਟੇ ਟੈਂਪੂ ਨੂੰ ਅਮਰੀਕ ਸਿੰਘ ਵਾਸੀ ਖੜੌਦੀ ਚਲਾ ਰਿਹਾ ਸੀ। ਇਸ ਵਿਚ ਸਵਾਰ ਦਰਜਨ ਦੇ ਕਰੀਬ ਸ਼ਰਧਾਲੂ ਟੈਂਪੂ ਬੇਕਾਬੂ ਹੋਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਚ ਲਿਆਂਦਾ ਗਿਆ ਜਿੱਥੇ ਦੋ ਜ਼ਖ਼ਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਇੱਕ ਨੂੰ ਨਵਾਂਸ਼ਹਿਰ ਅਤੇ ਇੱਕ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਇਸ ਤੋਂ ਇਲਾਵਾ ਦੋ ਦਰਜਨ ਦੇ ਕਰੀਬ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਬਾਥੜੀ ਹਿਮਾਚਲ ਪ੍ਰਦੇਸ਼ ਵੀ ਦਾਖ਼ਲ ਕਰਵਾਇਆ ਜੋ ਕਿ ਮੁੱਢਲੀ ਸਹਾਇਤਾ ਉਪਰੰਤ ਛੁੱਟੀ ਲੈ ਗਏ ਦੱਸੇ ਜਾਂਦੇ ਹਨ।
ਟਰੱਕ ਦੀ ਫੇਟ ਵੱਜਣ ਕਾਰਨ ਬਿਰਧ ਦੀ ਮੌਤ
ਤਰਨ ਤਾਰਨ (ਗੁਰਬਖਸ਼ਪੁਰੀ): ਇੱਥੋਂ ਦੇ ਝਬਾਲ-ਅੰਮ੍ਰਿਤਸਰ ਬਾਈਪਾਸ ’ਤੇ ਟਰੱਕ ਦੀ ਫੇਟ ਵੱਜਣ ਨਾਲ ਇਕ ਬਿਰਧ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ| 70 ਸਾਲ ਦੇ ਕਰੀਬ ਉਮਰ ਦੇ ਮ੍ਰਿਤਕ ਵਿਅਕਤੀ ਦੀ ਸ਼ਨਾਖ਼ਤ ਨਹੀਂ ਕੀਤੀ ਜਾ ਸਕੀ| ਸਥਾਨਕ ਥਾਣਾ ਸਿਟੀ ਪੁਲੀਸ ਨੇ ਦੱਸਿਆ ਕਿ ਮ੍ਰਿਤਕ ਸ਼ਨਿੱਚਰਵਾਰ ਨੂੰ ਸੜਕ ਕਿਨਾਰੇ ਪੈਦਲ ਜਾ ਰਿਹਾ ਸੀ ਕਿ ਟਰੱਕ ਦੇ ਚਾਲਕ ਨੇ ਉਸ ਨੂੰ ਸਾਹਮਣੇ ਤੋਂ ਫੇਟ ਮਾਰ ਦਿੱਤੀ| ਬਿਰਧ ਵਿਅਕਤੀ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ| ਉਹ ਮੌਕੇ ’ਤੇ ਹੀ ਦਮ ਤੋੜ ਗਿਆ| ਪੁਲੀਸ ਅਧਿਕਾਰੀ ਏਐਸਆਈ ਬਲਦੇਵ ਸਿੰਘ ਅਨੁਸਾਰ ਵਲੋਂ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ| ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ| ਲਾਸ਼ ਨੂੰ ਇੱਥੋਂ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ।