ਪੱਤਰ ਪ੍ਰੇਰਕ
ਫਗਵਾੜਾ, 9 ਮਾਰਚ
ਮੱਧ ਪ੍ਰਦੇਸ਼ ਤੋਂ ਪਿਸਤੌਲ ਲਿਆ ਕੇ ਵੇਚਣ ਦੇ ਮਾਮਲੇ ’ਚ ਸੀਆਈਏ ਸਟਾਫ਼ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਤਿੰਨ ਪਿਸਤੌਲ, 11 ਜਿੰਦਾ ਕਾਰਤੂਸ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਉਪ ਪੁਲੀਸ ਕਪਤਾਨ ਤਫ਼ਤੀਸ਼ ਅੰਮ੍ਰਿਤ ਸਰੂਪ ਡੋਗਰਾ ਨੇ ਦੱਸਿਆ ਕਿ ਗੌਂਸਪੁਰ ਚੌਕ ਲਾਗਿਓਂ ਪੁਲੀਸ ਪਾਰਟੀ ਨੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਦੋ ਪਿਸਤੌਲ 32 ਬੌਰ ਤੇ 7 ਜਿੰਦਾ ਰੌਂਦ ਬਰਾਮਦ ਹੋਏ। ਮੁਲਜ਼ਮ ਦੀ ਪਛਾਣ ਸ਼ਿਵਮ ਸਿੰਘ ਉਰਫ਼ ਸ਼ਿਵਮ ਵਾਸੀ ਨਿਮਜ (ਮੱਧ ਪ੍ਰਦੇਸ਼) ਹਾਲ ਵਾਸੀ ਉਕਾਰ ਨਗਰ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਹ ਕਰੀਬ 6 ਪਿਸਤੌਲ 32 ਬੌਰ ਮੱਧ ਪ੍ਰਦੇਸ਼ ਤੋਂ 25 ਹਜ਼ਾਰ ਰੁਪਏ ਪ੍ਰਤੀ ਪਿਸਤੌਲ ਦੇ ਹਿਸਾਬ ਨਾਲ ਲੈ ਕੇ ਆਉਂਦਾ ਸੀ। ਇਸੇ ਤਰ੍ਹਾਂ ਪੁਲੀਸ ਨੇ ਡਰੇਨ ਨੰਗਲ ਮੱਝਾਂ ਲਾਗਿਉਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਤੌਲ 315 ਬੌਰ ਸਮੇਤ 4 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਸੰਦੀਪ ਕੁਮਾਰ ਉਰਫ਼ ਚੀਚਾ ਪੁੱਤਰ ਬਿਹਾਰੀ ਲਾਲ ਵਾਸੀ ਮੇਹਲੀ ਗੇਟ ਨਿਗਾਰਾ ਮੁਹੱਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਇਹ ਪਿਸਤੌਲ 35 ਹਜ਼ਾਰ ਰੁਪਏ ’ਚ ਸ਼ਿਵਮ ਵਾਸੀ ਉਕਾਰ ਨਗਰ ਤੋਂ ਖਰੀਦਿਆ ਸੀ।