ਮਨਪ੍ਰੀਤ ਸਿੰਘ
ਮਾਨਸਰ, 3 ਅਪਰੈਲ
ਨੁਸ਼ਿਹਰਾ ਪੱਤਣ ਦੇ ਵਸਨੀਕ ਪਿਛਲੇ ਕਰੀਬ 4 ਦਿਨ ਤੋਂ 6-7 ਘੰਟਿਆਂ ਦੇ ਲੰਬੇ ਕੱਟਾਂ ਦਾ ਸਾਹਮਣਾ ਕਰ ਰਹੇ ਹਨ।
ਪਿੰਡ ਦੇ ਵਸਨੀਕ ਨਿਰਮਲ ਸਿੰਘ, ਜਗਤਾਰ ਸਿੰਘ ਤੇ ਹਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕਰੀਬ 4 ਦਿਨ ਤੋਂ ਲਗਾਤਾਰ ਲੱਗ ਰਹੇ 6 ਤੋਂ 7 ਘੰਟਿਆਂ ਦੇ ਲੰਬੇ ਕੱਟਾਂ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਦੋ ਟਰਾਂਸਫਾਰਮਰਾਂ ਤੋਂ ਰੋਜ਼ਾਨਾ ਸਪਲਾਈ ਠੇਕੇਦਾਰ ਬੰਦ ਕਰ ਦਿੰਦਾ ਹੈ ਅਤੇ ਦੋ ਦਿਹਾੜੀਦਾਰ ਤਾਰਾਂ ਬਦਲਣ ਦੇ ਕੰਮ ’ਤੇ ਲਗਾ ਦਿੱਤੇ ਜਾਂਦੇ ਹਨ। ਠੇਕੇਦਾਰ ਦੇ ਕਰਿੰਦਿਆਂ ਵੱਲੋਂ ਕੀਤੇ ਜਾਂਦੇ ਕੰਮ ਦੀ ਨਾ ਤਾਂ ਕੋਈ ਵਿਭਾਗੀ ਅਧਿਕਾਰੀ ਨਿਗਰਾਨੀ ਕਰਦਾ ਹੈ ਅਤੇ ਨਾ ਹੀ ਉੱਥੇ ਕੋਈ ਠੇਕੇਦਾਰ ਦਾ ਸੁਪਰਵਾਈਜ਼ਰ ਪਹੁੰਚਦਾ ਹੈ। ਲੰਬੇ ਬਿਜਲੀ ਕੱਟਾਂ ਕਾਰਨ ਉਨ੍ਹਾਂ ਦੇ ਇਨਵਰਟਰ ਜਵਾਬ ਦੇ ਰਹੇ ਹਨ ਅਤੇ ਪਸ਼ੂਆਂ ਦੇ ਪੀਣ ਲਈ ਤੇ ਘਰ ਦੀ ਵਰਤੋਂ ਲਈ ਪਾਣੀ ਦਾ ਪ੍ਰਬੰਧ ਕਰਨਾ ਔਖਾ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਸ਼ਿਕਾਇਤ ਨੰਬਰ 1912 ’ਤੇ ਕੀਤੀਆਂ ਸ਼ਿਕਾਇਤਾਂ ਦਾ ਵੀ ਕੋਈ ਨਬਿੇੜਾ ਨਹੀਂ ਹੁੰਦਾ ਕਿਉਂਕਿ ਅਧਿਕਾਰੀਆਂ ਦੀ ਰਜ਼ਾਮੰਦੀ ਨਾਲ ਪਿੱਛੇ ਸਬ ਸਟੇਸ਼ਨ ਤੋਂ ਲਾਈਨ ਚਾਲੂ ਰੱਖੀ ਜਾਂਦੀ ਹੈ ਅਤੇ ਅੱਗੇ ਟਰਾਂਸਫਾਰਮਰ ਕੱਟ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਦੋਸ਼ ਲਾਇਆ ਕਿ ਪਾਵਰਕੌਮ ਅਧਿਕਾਰੀ ਮੋਟੇ ਕਮਿਸ਼ਨਾਂ ਖਾਤਰ ਘੱਟ ਮੁਲਾਜ਼ਮਾਂ ਦੀ ਸਮਰੱਥਾ ਵਾਲੇ ਠੇਕੇਦਾਰਾਂ ਨੂੰ ਕੰਮ ਦੇ ਦਿੰਦੇ ਹਨ, ਜਿਨ੍ਹਾਂ ਵੱਲੋਂ ਇੱਕਾ ਦੁੱਕਾ ਮੁਲਾਜ਼ਮ ਲਗਾ ਕੇ ਬੁੱਤਾ ਸਾਰਿਆ ਜਾਂਦਾ ਹੈ।
ਕੀ ਕਹਿਣਾ ਹੈ ਐੱਸਡੀਓ ਦਾ
ਐੱਸਡੀਓ (ਭੰਗਾਲਾ) ਮਨੋਜ ਕੁਮਾਰ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਹੀ ਨਵੀਆਂ ਤਾਰਾਂ ਪਾਈਆਂ ਜਾ ਰਹੀਆਂ ਹਨ, ਪਰ ਲਗਾਤਾਰ ਲਗਾਏ ਜਾ ਰਹੇ ਲੰਬੇ ਕੱਟਾਂ ਬਾਰੇ ਉਨ੍ਹਾਂ ਕੋਈ ਜਵਾਬ ਨਾ ਦਿੱਤਾ। ਉਨ੍ਹਾਂ ਦੋ ਮੁਲਾਜ਼ਮਾਂ ਨਾਲ ਹੀ ਲਾਈਨਾਂ ਦਾ ਕੰਮ ਕਰਨ ਬਾਰੇ ਕਿਹਾ ਕਿ ਠੇਕੇਦਾਰ ਕੋਲੋਂ ਇੰਨੇ ਹੀ ਮੁਲਾਜ਼ਮ ਹੋਣਗੇ।