ਨਿੱਜੀ ਪੱਤਰ ਪ੍ਰੇਰਕ
ਜਲੰਧਰ, 3 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਭਾਵੇਂ 29 ਨਵੰਬਰ ਦੀ ਮੀਟਿੰਗ ਵਿੱਚ 10880 ਅਸਾਮੀਆਂ ਮਾਸਟਰ ਕੇਡਰ ਦੀਆਂ ਭਰਨ ਦਾ ਐਲਾਨ ਕੀਤਾ ਹੈ ਪ੍ਰੰਤੂ ਕਰੀਬ ਹਫ਼ਤਾ ਬੀਤਣ ਮਗਰੋਂ ਵੀ ਇਸ਼ਤਿਹਾਰ ਜਾਰੀ ਨਾ ਹੋਣ ਤੋਂ ਖਫ਼ਾ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਨੇ ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਤੋਂ ਲਾਰਿਆਂ ਦੀ ਪੰਡ ਲੈ ਕੇ ਬੀਐੱਸਐੱਫ ਚੌਕ ਵਿੱਚ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਜਨਤਕ ਐਲਾਨ ਕਰਕੇ ਦੂਜੇ ਪਾਸੇ ਬੇਰੁਜ਼ਗਾਰਾਂ ਵੱਲੋਂ ਗੁਪਤ ਐਕਸ਼ਨ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਲਾਰੇ ਲਾ ਰਹੀ ਹੈ। ਇਸ ਮੌਕੇ ਬੇਰੁਜ਼ਗਾਰਾਂ ਨੇ ਕਰੀਬ ਅੱਧਾ ਘੰਟਾ ਜਾਮ ਲਗਾ ਕੇ ਨਾਅਰੇਬਾਜ਼ੀ ਵੀ ਕੀਤੀ। ਉੱਧਰ ਮੁਨੀਸ਼ ਕੁਮਾਰ ਫਾਜ਼ਿਲਕਾ ਅਤੇ ਜਸਵੰਤ ਘੁਬਾਇਆ 37ਵੇਂ ਦਿਨ ਵੀ ਟੈਂਕੀ ਉੱਤੇ ਬੈਠੇ ਹੋਏ ਹਨ। ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਸਿੱਖਿਆ ਮੰਤਰੀ ਦਾ ਹਰੇਕ ਮੋੜ ’ਤੇ ਘਿਰਾਓ ਕੀਤਾ ਜਾਵੇਗਾ।
ਅਧਿਆਪਕਾਂ ਵੱਲੋਂ ਭੁੱਖ ਹੜਤਾਲ
ਅੰਮ੍ਰਿਤਸਰ (ਪੱਤਰ ਪ੍ਰੇਰਕ): ਖਾਲਸਾ ਕਾਲਜ ਅਧਿਆਪਕ ਯੂਨੀਅਨ ਵੱਲੋਂ ਅੱਜ ਦੂਜੇ ਦਿਨ ਵੀ ਸੱਤਵਾਂ ਤਨਖਾਹ ਕਮਿਸ਼ਨ ਤੁਰੰਤ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਅਧਿਆਪਕਾਂ ਨੇ ਕਾਲਜ ਗੇਟ ਅੱਗੇ ਧਰਨਾ ਦਿੱਤਾ ਅਤੇ ਪੰਜ ਅਧਿਆਪਕਾਵਾਂ ਨੇ ਆਪਣੀ ਵਾਰੀ ਅਨੁਸਾਰ ਅੱਜ ਸਵੇਰ ਤੋਂ ਤਿੰਨ ਵਜੇ ਤੀਕ ਭੁੱਖ ਹੜਤਾਲ ਰੱਖੀ। ਕਾਲਜ ਯੂਨੀਅਨ ਦੇ ਪ੍ਰਧਾਨ ਡਾ. ਰਣਧੀਰ ਸਿੰਘ ਤੇ ਡਾ. ਹੀਰਾ ਸਿੰਘ ਨੇ ਦੱਸਿਆ ਕਿ ਅੱਜ ਡੀਏਵੀ ਕਾਲਜ, ਬੀਬੀਕੇਡੀਏਵੀ ਕਾਲਜਾਂ ਵਿਚ ਅਧਿਆਪਕਾਂ ਨੇ ਤਨਖਾਹ ਕਮਿਸ਼ਨ ਲਾਗੂ ਕਰਵਾਉਣ ਲਈ ਧਰਨੇ ਦਿੱਤੇ। ਇਸੇ ਦੌਰਾਨ ਇੱਥੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵਲੋਂ ਸੱਤਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਨਾ ਕਰਨ ਅਤੇ ਤਨਖਾਹ ਸਕੇਲ ਯੂਜੀਸੀ ਤੋਂ ਡੀਲਿੰਕ ਕਰਨ ਖ਼ਿਲਾਫ਼ ਯੂਨੀਵਰਸਿਟੀ ਦੇ ਗੇਟ ਬਾਹਰ ਧਰਨਾ ਦਿੱਤਾ। ਇਸ ਮੌਕੇ ਡਾ. ਲਖਵਿੰਦਰ ਸਿੰਘ ਗਿੱਲ ਨੇ ਸੰਬੋਧਨ ਕੀਤਾ।
ਗੈਸਟ ਫੈਕਲਟੀ ਲੈਕਚਰਾਰਾਂ ਦੇ ਧਰਨੇ ਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਸਮਰਥਨ
ਤਲਵਾੜਾ (ਪੱਤਰ ਪ੍ਰੇਰਕ): ਕਿਸਾਨ ਜੱਥੇਬੰਦੀਆਂ ਨੇ ਗੈਸਟ ਫੈਕਲਟੀ ਸਹਾਇਕ ਲੈਕਚਰਾਰਾਂ ਦੇ ਸੰਘਰਸ਼ ਦਾ ਸਮਰਥਨ ਕੀਤਾ ਹੈ। ਪੰਜਾਬ ਸਰਕਾਰ ਨੂੰ ਗੈਸਟ ਫੈਕਲਟੀ ਲੈਕਚਰਾਰਾਂ ਦੀਆਂ ਬਿਨਾਂ ਸ਼ਰਤ ਮੰਗਾਂ ਮੰਨਣ ਦੀ ਮੰਗ ਕੀਤੀ ਹੈ। ਅੱਜ ਜਮਹੂਰੀ ਕਿਸਾਨ ਸਭਾ, ਪੰਜਾਬ ਇਕਾਈ ਮੁਕੇਰੀਆਂ ਦੇ ਆਗੂ ਸ਼ਿਵ ਕੁਮਾਰ ਅਮਰੋਹੀ ਨੇ ਆਪਣੇ ਸਾਥੀਆਂ ਸਮੇਤ ਸਥਾਨਕ ਮਹੰਤ ਰਾਮ ਪਰਕਾਸ਼ ਦਾਸ ਸਰਕਾਰੀ ਆਰਟਸ ਤੇ ਸਾਇੰਸ ਕਾਲਜ ਦੇ ਗੇਟ ਮੂਹਰੇ ਪਿਛਲੇ 33 ਦਿਨਾਂ ਤੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਧਰਨੇ ’ਤੇ ਬੈਠੇ ਗੈਸਟ ਫੈਕਲਟੀ, ਪਾਰਟ ਟਾਈਮ ਕੰਟਰੈਕਟ ਲੈਕਚਰਾਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਇਸ ਮੌਕੇ ਗੈਸਟ ਫੈਕਲਟੀ ਸਹਾਇਕ ਲੈਕਚਰਾਰ ਯੂਨੀਅਨ ਇਕਾਈ ਤਲਵਾੜਾ ਦੇ ਆਗੂ ਪ੍ਰੋ ਦਲਵਿੰਦਰ ਸਿੰਘ ਤੇ ਅਕਬਾਲ ਸਿੰਘ ਨੇ ਦੱਸਿਆ ਕਿ ਲੈਕਚਰਾਰਾਂ ਨੇ ਕਾਲਜ ਵਿਦਿਆਰਥੀਆਂ ਨਾਲ ਕਿਸਾਨੀ ਝੰਡੇ ਹੇਠਾਂ ਬੈਰੀਅਰ ਤੱਕ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।