ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਜਨਵਰੀ
ਸਥਾਨਕ ਬੱਸ ਸਟੈਂਡ ’ਚ ਪਿਛਲੀ 28 ਅਕਤੂਬਰ ਤੋਂ ਟੈਂਕੀ ਉੱਤੇ ਬੈਠੇ ਬੇਰੁਜ਼ਗਾਰ ਭਾਵੇਂ 9000 ਅਸਾਮੀਆਂ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀ ਮੰਗ ਲੈ ਕੇ ਆਏ ਸਨ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਜਾਰੀ 4161 ਅਸਾਮੀਆਂ ਲੈ ਕੇ ਘਰਾਂ ਨੂੰ ਪਰਤ ਗਏ ਹਨ। ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਪਿਛਲੇ ਕਰੀਬ ਢਾਈ ਮਹੀਨੇ ਤੋਂ ਬੈਠੇ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਨੂੰ ਚੋਣ ਜ਼ਾਬਤਾ ਲਾਗੂ ਹੋਣ ਅਤੇ ਕੁਝ ਕੁ ਅਸਾਮੀਆਂ ਦਾ ਇਸ਼ਤਿਹਾਰ ਆਉਣ ਮਗਰੋਂ ਉਤਾਰ ਲਿਆ ਗਿਆ ਸੀ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਘਰ ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕਰਕੇ ਮੁੱਕਰ ਚੁੱਕੀ ਹੈ। ਹਜ਼ਾਰਾਂ ਦੀ ਗਿਣਤੀ ਵਿਚ ਖਾਲੀ ਪਈਆਂ ਅਸਾਮੀਆਂ ਦੇ ਬਾਵਜੂਦ ਮਹਿਜ਼ ਚਾਰ ਅਸਾਮੀਆਂ ਦਾ ਅਧੂਰਾ ਇਸ਼ਤਿਹਾਰ ਦੇ ਕੇ ਧੋਖਾ ਕੀਤਾ ਹੈ ਜਿਸ ਦਾ ਹਿਸਾਬ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਿਆ ਜਾਵੇਗਾ ਜਦੋਂ ਕਾਂਗਰਸੀ ਉਮੀਦਵਾਰ ਵੋਟਾਂ ਮੰਗਣ ਬੇਰੁਜ਼ਗਾਰਾਂ ਦੇ ਘਰਾਂ ਵਿੱਚ ਆਉਣਗੇ। ਇਸੇ ਦੌਰਾਨ ਟੈਂਕੀ ਤੋ ਉਤਾਰੇ ਦੋਵੇਂ ਬੇਰੁਜ਼ਗਾਰਾਂ, ਯੂਨੀਅਨ ਆਗੂਆਂ ਅਤੇ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ। ਸੰਘਰਸ਼ ਵਿੱਚ ਸਹਿਯੋਗ ਦੇਣ ਵਾਲੀਆਂ ਅਧਿਆਪਕ ਜਥੇਬੰਦੀਆਂ ਡੀਟੀਐੱਫ, ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ ਸਮੇਤ ਸਭਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਮਨ ਸੇਖਾ, ਸੰਦੀਪ ਗਿੱਲ, ਗਗਨਦੀਪ ਕੌਰ, ਬਲਰਾਜ ਸਿੰਘ ਫਰੀਦਕੋਟ, ਕੁਲਵੰਤ ਲੌਂਗੋਵਾਲ, ਬਲਕਾਰ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਬਠਿੰਡਾ, ਹਰਜਿੰਦਰ ਕੌਰ ਗੋਲੀ, ਰਾਜਬੀਰ ਕੌਰ, ਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।