ਪਾਲ ਸਿੰਘ ਨੌਲੀ
ਜਲੰਧਰ, 31 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਅਰਬਨ ਅਸਟੇਟ, ਫੇਜ਼-1 ਵਿਚ 16 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚ ਡਿਊਲ ਕੈਰਿਜ ਰੇਲਵੇ ਅੰਡਰਬ੍ਰਿਜ ਅਤੇ ਨਾਲ ਲੱਗਦੀਆਂ ਸੜਕਾਂ ਦਾ ਨਿਰਮਾਣ ਸ਼ਾਮਲ ਹੈ। ਇਸ ਤੋਂ ਇਲਾਵਾ ਉਨ੍ਹਾਂ ਸੰਤ ਪ੍ਰੇਮ ਸਿੰਘ ਲੁਬਾਣਾ ਵੈੱਲਫੇਅਰ ਸੁਸਾਇਟੀ ਭਵਨ ਦੀ ਉਸਾਰੀ ਲਈ ਦੋ ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ, ਜਿਸ ਵਿੱਚੋਂ 51 ਲੱਖ ਰੁਪਏ ਦਾ ਚੈੱਕ ਸੁਸਾਇਟੀ ਨੂੰ ਮੌਕੇ ’ਤੇ ਸੌਂਪਿਆ।
ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੁਬਾਣਾ ਭਾਈਚਾਰੇ ਵੱਲੋਂ ਦੇਸ਼, ਖ਼ਾਸ ਕਰ ਕੇ ਪੰਜਾਬ ਵਿੱਚ ਸਮਾਜਿਕ ਜਾਗਰੂਕਤਾ ਅਤੇ ਆਰਥਿਕ ਖੁਸ਼ਹਾਲੀ ਲਿਆਉਣ ਲਈ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਸਾਇਟੀ ਨੂੰ ਭਵਨ ਦੇ ਨਾਲ ਲੱਗਦੀ 600 ਵਰਗ ਫੁੱਟ ਜਗ੍ਹਾ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਅਰਬਨ ਅਸਟੇਟ ਵਿਚ ਸ੍ਰੀ ਗੁਰੂ ਰਵਿਦਾਸ ਭਵਨ ਦੇ ਨਿਰਮਾਣ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿੱਚ ਮੱਥਾ ਟੇਕਿਆ ਅਤੇ ਸ਼੍ਰੋਮਣੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਪੰਜਾਬ ਫਗਵਾੜਾ ਅਤੇ ਗੁਰੂ ਰਵਿਦਾਸ ਐਜੂਕੇਸ਼ਨਲ ਤੇ ਚੈਰੀਟੇਬਲ ਟਰੱਸਟ ਜਲੰਧਰ ਨੂੰ 51-51 ਲੱਖ ਰੁਪਏ ਦੇ ਚੈੱਕ ਸੌਂਪੇ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਰਵਿਦਾਸ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਗੁਰੂ ਰਵਿਦਾਸ ਦੀ ਵਿਚਾਰਧਾਰਾ ਤਹਿਤ ਆਮ ਲੋਕਾਂ, ਖ਼ਾਸ ਕਰ ਕੇ ਸਮਾਜ ਦੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਸ੍ਰੀਮਦ ਭਾਗਵਦ ਗੀਤਾ ਅਤੇ ਰਾਮਾਇਣ ਸਬੰਧੀ ਅਧਿਐਨ ਕੇਂਦਰ ਜਲਦੀ ਸ਼ੁਰੂ ਕੀਤੇ ਜਾ ਰਹੇ ਹਨ। ਇਸ ਮੌਕੇ ਸਤਿਗੁਰੂ ਰਵਿਦਾਸ ਧਾਮ ਅਥਾਰਿਟੀ ਵੱਲੋਂ ਮੁੱਖ ਮੰਤਰੀ ਨੂੰ ਸੋਨ ਤਗ਼ਮੇ ਨਾਲ ਸਨਮਾਨਿਤ ਕੀਤਾ ਗਿਆ।
ਇਸ ਦੌਰੇ ਦੌਰਾਨ ਸ੍ਰੀ ਚੰਨੀ ਇੱਥੋਂ ਦੇ ਪੀਏਪੀ ਕੰਪਲੈਕਸ ਵਿਚ ਹੋਏ ਇਕ ਸਮਾਰੋਹ ’ਚ ਵੀ ਸ਼ਾਮਲ ਹੋਏ, ਜਿੱਥੇ ਉਨ੍ਹਾਂ ਪੁਲੀਸ ਮੁਲਾਜ਼ਮਾਂ ਦੀ ਭਲਾਈ ਲਈ ਕਈ ਐਲਾਨ ਕੀਤੇ। ਇੱਥੇ ਉਨ੍ਹਾਂ ਪੁਲੀਸ ਮੁਲਾਜ਼ਮਾਂ ਨਾਲ ਮੁਲਾਕਾਤ ਵੀ ਕੀਤੀ।